ਸਰਕਾਰੀ ਹਸਪਤਾਲ ‘ਚ ਇੱਕੋ ਦਿਨ 12 ਨਵਜੰਮੇ ਬੱਚਿਆਂ ਸਣੇ 24 ਲੋਕਾਂ ਨੇ ਤੋੜਿਆ ਦਮ

ਮਹਾਰਾਸ਼ਟਰ ਦੇ ਨਾਂਦੇੜ ਤੋਂ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਨਾਂਦੇੜ ਦੇ ਸਰਕਾਰੀ ਹਸਪਤਾਲ ਵਿਚ ਪਿਛਲੇ 24 ਘੰਟਿਆਂ ‘ਚ 12 ਨਵਜੰਮੇ ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਹੋ ਗਈ। ਕਾਂਗਰਸ ਦੇ ਬੁਲਾਰੇ ਵਿਕਾਸ ਲਾਂਵਡੇ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ ਕਿ ਨਾਂਦੇੜ ਦੇ ਸਰਕਾਰੀ ਹਸਪਤਾਲ ਵਿਚ 24 ਘੰਟਿਆਂ ਵਿਚ 12 ਨਵਜੰਮੇ ਬੱਚਿਆਂ ਸਮੇਤ 24 ਮੌਤਾਂ ਸੂਬਾ ਸਰਕਾਰ ਵੱਲੋਂ ਦਵਾਈਆਂ ਦੀ ਪੂਰਤੀ ਵਿਚ ਕਮੀ ਕਾਰਨ ਹੋਈ ਹੈ। ਤਿਉਹਾਰਾਂ ਅਤੇ ਸਮਾਗਮਾਂ ਦੀ ਮਸ਼ਹੂਰੀ ਕਰਨ ਵਾਲੀ ਸਰਕਾਰ ‘ਤੇ ਸ਼ਰਮ ਆਉਂਦੀ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦ ਨੇ ਕਾਂਗਰਸ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬੇਬੁਨਿਆਦ ਖ਼ਬਰਾਂ ਹਨ। ਨਾਂਦੇੜ ਦੇ ਹਸਪਤਾਲ ‘ਚ 12 ਨਵਜੰਮੇ ਬੱਚਿਆਂ ਦੀ ਮੌਤ ਦੀ ਕੋਈ ਸੂਚਨਾ ਨਹੀਂ ਹੈ। ਇਸ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੀ ਸਿਹਤ ਵਿਵਸਥਾ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਸਰਕਾਰ ਪ੍ਰਤੀ ਗੁੱਸਾ ਹੈ।

ਮੈਡੀਕਲ ਡੀਨ ਵਾਕੋਡੇ ਨੇ ਕਿਹਾ, “ਪਿਛਲੇ 24 ਘੰਟਿਆਂ ਵਿਚ 12 ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ ਜਿਸ ਵਿਚ 6 ਮੁੰਡੇ ਅਤੇ 6 ਕੁੜੀਆਂ ਸ਼ਾਮਲ ਹਨ।  ਵੱਖ-ਵੱਖ ਬਿਮਾਰੀਆਂ ਕਾਰਨ 12 ਬਾਲਗਾਂ ਦੀ ਵੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਤਬਾਦਲੇ ਕਾਰਨ ਮੁਸ਼ਕਲ ਪੈਦਾ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ ਦੂਰ-ਦੂਰ ਤੋਂ ਮਰੀਜ਼ ਆਉਂਦੇ ਹਨ। ਇਸ ਨਾਲ ਸਾਡਾ ਬਜਟ ਵਿਗੜ ਗਿਆ ਹੈ। ਅਸੀਂ ਸਥਾਨਕ ਤੌਰ ‘ਤੇ ਦਵਾਈਆਂ ਖਰੀਦਦੇ ਹਾਂ ਅਤੇ ਮਰੀਜ਼ਾਂ ਨੂੰ ਪ੍ਰਦਾਨ ਕਰਦੇ ਹਾਂ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਨਾਂਦੇੜ ਸਮੇਤ ਪੂਰੇ ਮਹਾਰਾਸ਼ਟਰ ‘ਚ ਲੋਕਾਂ ‘ਚ ਗੁੱਸਾ ਹੈ। ਲੋਕਾਂ ਨੇ ਸਰਕਾਰ ਤੋਂ ਇਸ ਮਾਮਲੇ ਦੀ ਜਲਦੀ ਜਾਂਚ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *