ਸ਼ਰਾਬ ਦੀ ਦੁਕਾਨ ‘ਤੇ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ

ਗੁਰੂਗ੍ਰਾਮ – ਗੁਰੂਗ੍ਰਾਮ ਦੇ ਮਾਨੇਸਰ ਇਲਾਕੇ ‘ਚ 2 ਹਥਿਆਰਬੰਦ ਬਦਮਾਸ਼ਾਂ ਨੇ ਸ਼ਰਾਬ ਦੀ ਇਕ ਦੁਕਾਨ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸ਼ੁੱਕਰਵਾਰ ਨੂੰ ਰਾਤ ਕਰੀਬ 8.30 ਵਜੇ ਪਚਗਾਂਵ ‘ਚ ਹੋਈ, ਜਦੋਂ 2 ਲੋਕ ਦੁਕਾਨ ‘ਤੇ ਪਹੁੰਚੇ ਅਤੇ 15 ਰਾਊਂਡ ਤੋਂ ਵੱਧ ਗੋਲੀਆਂ ਚਲਾਈਆਂ। ਅਧਿਕਾਰੀ ਅਨੁਸਾਰ, ਘਟਨਾ ‘ਚ ਤਿੰਨ ਗਾਹਕਾਂ-ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਭਾਹਿਲਾ ਪਿੰਡ ਵਾਸੀ ਸੰਦੀਪ ਅਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਹਿਣ ਵਾਲੇ ਦੇਵਰਾਜ ਸ਼ਰਮਾ ਅਤੇ ਰਾਜੇਂਦਰ ਪ੍ਰਸਾਦ ਨੂੰ ਕਈ ਗੋਲੀਆਂ ਲੱਗੀਆਂ। ਅਧਿਕਾਰੀ ਅਨੁਸਾਰ, ਤਿੰਨ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੰਦੀਪ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ ਦੇਵਰਾਜ ਅਤੇ ਰਾਜੇਂਦਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸ਼ਰਾਬ ਦੀ ਦੁਕਾਨ ਦੇ ਮਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਉਨ੍ਹਾਂ ਕੋਲ ਇਕ ਵਿਦੇਸ਼ ਨੰਬਰ ਤੋਂ ਫ਼ੋਨ ਆਇਆ ਸੀ ਅਤੇ ਫ਼ੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਦੁਕਾਨ ਉਸ ਦੇ ਹਵਾਲੇ ਕਰਨ ਲਈ ਕਿਹਾ ਸੀ। ਬੋਹਰਾ ਕਲਾਂ ਪਿੰਡ ਦੇ ਵਾਸੀ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਮੁੜ ਉਸੇ ਨੰਬਰ ਤੋਂ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ,”ਮੈਂ ਸ਼ਰਾਬ ਦੀ ਦੁਕਾਨ ਦੇ ਪਿੱਛੇ ਸਥਿਤ ਦਫ਼ਤਰ ‘ਚ ਸੀ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਆਇਆ। ਮੈਂ ਹਮਲਾਵਰਾਂ ‘ਤੇ ਚੀਕਿਆ, ਜਿਸ ਤੋਂ ਬਾਅਦ ਉਹ ਹਾਦਸੇ ਵਾਲੀ ਜਗ੍ਹਾ ਤੋਂ ਦੌੜ ਗਏ। ਇਸ ਤੋਂ ਬਾਅਦ ਮੈਨੂੰ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਇਹ ਸਭ ਉਸ ਨੂੰ ਦੁਕਾਨ ਨਹੀਂ ਸੌਂਪਣ ਦਾ ਨਤੀਜਾ ਹੈ। ਫ਼ੋਨ ਕਰਨ ਵਾਲੇ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।” ਥਾਣਾ ਇੰਚਾਰਜ ਸਵਿਤ ਕੁਮਾਰ ਨੇ ਦੱਸਿਆ ਕਿ ਫ਼ੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਅਤੇ ਹਮਲਾਵਰਾਂ ਖ਼ਿਲਾਫ਼ ਹਥਿਆਰਬੰਦ ਐਕਟ ਦੀਆਂ ਸੰਬੰਧਤ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼), 506 (ਅਪਰਾਧਕ ਧਮਕੀ), 34 (ਸਾਂਝਾ ਇਰਾਦਾ), 120-ਬੀ (ਅਪਰਾਧਕ ਸਾਜਿਸ਼) ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

Add a Comment

Your email address will not be published. Required fields are marked *