ਬੀਜਿੰਗ : SCO ਸਕੱਤਰੇਤ ‘ਚ ‘ਨਵੀਂ ਦਿੱਲੀ ਭਵਨ’ ਦਾ ਉਦਘਾਟਨ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਬੀਜਿੰਗ ਸਥਿਤ ਐੱਸਸੀਓ ਸਕੱਤਰੇਤ ‘ਚ ‘ਨਵੀਂ ਦਿੱਲੀ ਭਵਨ’ ਦਾ ਉਦਘਾਟਨ ਕੀਤਾ ਅਤੇ ਇਸ ਨੂੰ ‘ਮਿੰਨੀ ਇੰਡੀਆ’ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਸੱਭਿਆਚਾਰ ਦੀ ਬਿਹਤਰ ਸਮਝ ਵਿਕਸਤ ਹੋਵੇਗੀ। ਜੈਸ਼ੰਕਰ ਨੇ ਭਾਰਤ ਦੀ ਪ੍ਰਧਾਨਗੀ ਹੇਠ ਅਗਲੇ ਮਹੀਨੇ ਹੋਣ ਵਾਲੀ ਐੱਸਸੀਓ ਕਾਨਫਰੰਸ ਤੋਂ ਪਹਿਲਾਂ ਇਸ ਇਮਾਰਤ ਦਾ ਉਦਘਾਟਨ ਕੀਤਾ।

ਸ਼ੰਘਾਈ ਸਹਿਯੋਗ ਸੰਗਠਨ (SCO) ‘ਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਭਾਰਤ ਅਤੇ ਪਾਕਿਸਤਾਨ ਸ਼ਾਮਲ ਹਨ। ਇਸ ਦਾ ਸਕੱਤਰੇਤ ਬੀਜਿੰਗ ਵਿੱਚ ਸਥਿਤ ਹੈ। ਸੰਗਠਨ ਦੇ 6 ਸੰਸਥਾਪਕ ਮੈਂਬਰਾਂ ਦੇ ਪਹਿਲਾਂ ਹੀ ਇਮਾਰਤ ਵਿੱਚ ਹੈੱਡਕੁਆਰਟਰ ਹਨ, ਜੋ ਇਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਅਤੇ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੇ ਹਨ। ਭਾਰਤ ਨੇ SCO ਸਿਖਰ ਸੰਮੇਲਨ ਤੋਂ ਪਹਿਲਾਂ ‘ਨਵੀਂ ਦਿੱਲੀ ਹਾਲ’ ਦਾ ਅਧਿਕਾਰਤ ਤੌਰ ‘ਤੇ ਉਦਘਾਟਨ ਕੀਤਾ, ਜੋ 4 ਜੁਲਾਈ ਤੋਂ ਡਿਜੀਟਲ ਰੂਪ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਪਾਕਿਸਤਾਨ ਨੂੰ ਆਪਣੀ ਇਮਾਰਤ ਬਣਾਉਣ ‘ਚ ਕੁਝ ਸਮਾਂ ਲੱਗ ਸਕਦਾ ਹੈ।

ਜੈਸ਼ੰਕਰ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, “ਮੈਨੂੰ ਐੱਸਸੀਓ ਸਕੱਤਰੇਤ ਵਿੱਚ ਅੱਜ ਐੱਸਸੀਓ ਦੇ ਸਕੱਤਰ-ਜਨਰਲ ਅਤੇ ਹੋਰ ਉੱਘੇ ਸਹਿਯੋਗੀਆਂ ਦੀ ਮੌਜੂਦਗੀ ‘ਚ ਨਵੀਂ ਦਿੱਲੀ ਹਾਲ ਦਾ ਉਦਘਾਟਨ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਇਹ ਦੱਸਦਿਆਂ ਵਿਸ਼ੇਸ਼ ਤੌਰ ‘ਤੇ ਖੁਸ਼ੀ ਹੋ ਰਹੀ ਹੈ ਕਿ ਇਹ ਭਾਰਤ ਦੀ ਪਹਿਲੀ ਐੱਸਸੀਓ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ।”

ਜੈਸ਼ੰਕਰ ਨੇ ਕਿਹਾ ਕਿ ‘ਦਿ ਨਵੀਂ ਦਿੱਲੀ ਹਾਲ’ ਐੱਸਸੀਓ ਸਕੱਤਰੇਤ ‘ਚ ‘ਮਿੰਨੀ-ਇੰਡੀਆ’ ਵਰਗਾ ਹੈ ਅਤੇ ਇਹ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ, “ਤੁਹਾਨੂੰ ਭਾਰਤ ਦੀ ਕਲਾਤਮਕ ਪ੍ਰੰਪਰਾ ਅਤੇ ਸੱਭਿਆਚਾਰਕ ਪਛਾਣ ਦਾ ਡੂੰਘਾ ਅਹਿਸਾਸ ਦਿਵਾਉਣ ਲਈ ਇਮਾਰਤ ਨੂੰ ਸ਼ਾਨਦਾਰ ਨਮੂਨਿਆਂ ਨਾਲ ਤਿਆਰ ਕੀਤਾ ਗਿਆ ਹੈ, ਜੋ ਪੂਰੇ ਭਾਰਤ ਦੇ ਅਮੀਰ ਆਰਕੀਟੈਕਚਰਲ ਹੁਨਰ ਨੂੰ ਦਰਸਾਉਂਦਾ ਹੈ।”

Add a Comment

Your email address will not be published. Required fields are marked *