ਮਣੀਪੁਰ ਹਿੰਸਾ ‘ਚ 100 ਤੋਂ ਵੱਧ ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

ਹਿੰਸਾ ਦੀ ਅੱਗ ‘ਚ ਸੜ ਰਹੇ ਮਣੀਪੁਰ ਵਿੱਚ ਹਾਲਾਤ ਆਮ ਹੁੰਦੇ ਨਜ਼ਰ ਨਹੀਂ ਆ ਰਹੇ ਹਨ। ਲੰਬੇ ਸਮੇਂ ਬਾਅਦ ਜਦੋਂ ਕਰਫਿਊ ‘ਚ ਢਿੱਲ ਦਿੱਤੀ ਗਈ ਤਾਂ ਅਜਿਹਾ ਲੱਗ ਰਿਹਾ ਸੀ ਕਿ ਹਿੰਸਾ ਹੁਣ ਖਤਮ ਹੋ ਜਾਵੇਗੀ ਪਰ ਹੁਣ ਸਰਕਾਰ ਨੇ ਹਿੰਸਾ ਦੀਆਂ ਤਾਜ਼ਾ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਇੰਟਰਨੈੱਟ ਸੇਵਾਵਾਂ ‘ਤੇ ਪਾਬੰਦੀ 5 ਦਿਨਾਂ ਲਈ ਵਧਾ ਦਿੱਤੀ ਹੈ। ਹੁਣ ਮਣੀਪੁਰ ਵਿੱਚ ਇੰਟਰਨੈੱਟ ਸੇਵਾਵਾਂ 15 ਜੂਨ ਤੱਕ ਮੁਅੱਤਲ ਰਹਿਣਗੀਆਂ।

ਕਮਿਸ਼ਨਰ (ਗ੍ਰਹਿ) ਟੀ. ਰਣਜੀਤ ਸਿੰਘ ਵੱਲੋਂ ਸ਼ਨੀਵਾਰ ਰਾਤ ਨੂੰ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਬਰਾਡਬੈਂਡ ਸਮੇਤ ਮੋਬਾਇਲ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਹੁਣ 15 ਜੂਨ ਦੁਪਹਿਰ 3 ਵਜੇ ਤੱਕ ਲਾਗੂ ਰਹੇਗਾ। ਸੂਬੇ ਵਿੱਚ ਨਸਲੀ ਹਿੰਸਾ ਤੋਂ ਬਾਅਦ 3 ਮਈ ਨੂੰ ਇੰਟਰਨੈੱਟ ਸੇਵਾ ‘ਤੇ ਰੋਕ ਲਗਾ ਦਿੱਤੀ ਗਈ ਸੀ। ਹੁਕਮਾਂ ਦੇ ਅਨੁਸਾਰ, ”ਕੁਝ ਸਮਾਜ ਵਿਰੋਧੀ ਅਨਸਰ ਲੋਕਾਂ ਨੂੰ ਤਸਵੀਰਾਂ, ਨਫ਼ਰਤ ਭਰੇ ਭਾਸ਼ਣ, ਨਫ਼ਰਤ ਭਰੇ ਵੀਡੀਓ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਭੜਕਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਦੇ ਹਨ, ਜਿਸ ਦਾ ਗੰਭੀਰ ਪ੍ਰਭਾਵ ਰਾਜ ਦੀ ਕਾਨੂੰਨ ਅਤੇ ਵਿਵਸਥਾ ‘ਤੇ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਮਣੀਪੁਰ ਵਿੱਚ ਨਸਲੀ ਹਿੰਸਾ ‘ਚ ਘੱਟੋ-ਘੱਟ 100 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 310 ਹੋਰ ਜ਼ਖ਼ਮੀ ਹੋ ਗਏ ਸਨ। ਮਣੀਪੁਰ ਵਿੱਚ 3 ਮਈ ਨੂੰ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ, ਜਦੋਂ ਪਹਾੜੀ ਜ਼ਿਲ੍ਹਿਆਂ ਵਿੱਚ ਮੇਈਤੀ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐੱਸਟੀ) ਦਰਜੇ ਦੀ ਮੰਗ ਦੇ ਵਿਰੋਧ ਵਿੱਚ ਇਕ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕੀਤਾ ਗਿਆ ਸੀ। ਮੇਈਤੀ ਮਣੀਪੁਰ ਦੀ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਬਣਦੇ ਹਨ ਅਤੇ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ। ਆਦਿਵਾਸੀ ਨਾਗਾ ਅਤੇ ਕੁਕੀ ਰਾਜ ਦੀ ਆਬਾਦੀ ਦਾ 40 ਪ੍ਰਤੀਸ਼ਤ ਬਣਦੇ ਹਨ ਅਤੇ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।

Add a Comment

Your email address will not be published. Required fields are marked *