‘ਅਜਮੇਰ 92’ ‘ਤੇ ਵਧਿਆ ਵਿਵਾਦ, ਕੁੜੀਆਂ ਨਾਲ ਹੋਈ ਦਰਿੰਦਗੀ ਦਾ ਕਿੱਸਾ

ਮੁੰਬਈ : ਵਿਵਾਦਿਤ ਫ਼ਿਲਮ ‘ਦਿ ਕੇਰਲ ਸਟੋਰੀ’ ਤੋਂ ਬਾਅਦ ਹੁਣ ਫ਼ਿਲਮ ‘ਅਜਮੇਰ-92’ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਰਹੇ ਹਨ। ਮੁਸਲਿਮ ਸੰਗਠਨਾਂ ਤੇ ਦਰਗਾਹ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਦੋਸ਼ ਲਾਇਆ ਹੈ ਕਿ ਇਸ ਫ਼ਿਲਮ ਰਾਹੀਂ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ ਦੇ ਸਭ ਤੋਂ ਵੱਡੇ ਸਕੈਂਡਲ ਦੀ ਕਹਾਣੀ ਹੈ। ਇਹ ਉਸ ਬੇਰਹਿਮੀ ਦੀ ਕਹਾਣੀ ਹੈ, ਜੋ ਸੈਂਕੜੇ ਵਿਦਿਆਰਥਣਾਂ ਨਾਲ ਵਾਪਰੀ। ਇਕ ਅਜਿਹੀ ਕਹਾਣੀ ਜਿਸ ਨੂੰ ਪੜ੍ਹ ਕੇ ਅੱਜ ਵੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਅਪ੍ਰੈਲ ਮਹੀਨੇ ਦੀ ਇਕ ਸਵੇਰ ਅਜਮੇਰ ਦੇ ਇਕ ਮਸ਼ਹੂਰ ਕਾਲਜ ਦੀਆਂ ਕੁੜੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਅਚਾਨਕ ਸਰਕੂਲੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਕੁੜੀਆਂ ਦੀਆਂ ਤਸਵੀਰਾਂ ਸਰਕੂਲੇਟ ਹੋਈਆਂ, ਉਹ ਰਸੂਖਦਾਰ ਪਰਿਵਾਰਾਂ ਦੀਆਂ ਸਨ। ਪਤਾ ਲੱਗਿਆ ਕਿ ਇਨ੍ਹਾਂ ਲੜਕੀਆਂ ਨਾਲ ਜਬਰ ਜਨਾਹ ਕੀਤਾ ਗਿਆ ਸੀ। ਕੁਝ ਲੜਕੀਆਂ ਨਾਲ ਸਮੂਹਕ ਜਬਰ ਜਨਾਹ ਹੋਇਆ ਸੀ। ਅਜਮੇਰ ਦੇ ਛੋਟੇ ਜਿਹੇ ਕਸਬੇ ਵਿਚ ਇਹ ਗੱਲ ਫੈਲਣ ‘ਚ ਦੇਰ ਨਹੀਂ ਲੱਗੀ। ਹਰੇਕ ਸ਼ਖ਼ਸ ਦੀ ਜ਼ੁਬਾਨ ‘ਤੇ ਵਿਦਿਆਰਥਣਾਂ ਨਾਲ ਹੋਈ ਦਰਿੰਦਗੀ ਦਾ ਕਿੱਸਾ ਸੀ।

ਦੱਸ ਦਈਏ ਕਿ ਇਕ ਸਥਾਨਕ ਅਖਬਾਰ ਵਿਚ ਪੀੜਤ ਵਿਦਿਆਰਥਣਾਂ ਦੀਆਂ ਤਸਵੀਰਾਂ ਨੂੰ ਧੁੰਦਲਾ ਕਰਕੇ ਫਰੰਟ ਪੇਜ ‘ਤੇ ਛਾਪਿਆ ਗਿਆ। ਇਸ ਤੋਂ ਬਾਅਦ ਹਲਚਲ ਮਚ ਗਈ। ਅਜਮੇਰ ਦੀ ਤਾਂ ਕੀ ਪੂਰੇ ਦੇਸ਼ ਵਿਚ ਇਸ ਦੀ ਚਰਚਾ ਹੋਣ ਲੱਗੀ। ਅਖਬਾਰ ਨੇ ਕੁਝ ਪੀੜਤਾਂ ਦੇ ਬਿਆਨ ਵੀ ਛਾਪੇ ਸਨ। ਵਿਦਿਆਰਥਣਾਂ ਨੇ ਬਿਆਨ ‘ਚ ਜੋ ਖੁਲਾਸਾ ਕੀਤਾ, ਉਹ ਜਾਣ ਕੇ ਹਰ ਕੋਈ ਦੰਗ ਰਹਿ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਰਸੂਖਦਾਰ ਪਰਿਵਾਰਾਂ ਦੇ ਕੁਝ ਲੜਕਿਆਂ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ। ਇਕ ਲੜਕੀ ਤੋਂ ਸ਼ੁਰੂ ਹੋਇਆ ਇਹ ਘਿਨਾਉਣਾ ਸਿਲਸਿਲਾ 100 ਤੋਂ ਵੱਧ ਲੜਕੀਆਂ ਤਕ ਪਹੁੰਚ ਚੁੱਕਾ ਸੀ। ਦਰਅਸਲ, ਜਬਰ ਜਨਾਹ ਦੌਰਾਨ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ ਜਾਂਦੀਆਂ ਸਨ ਤੇ ਫਿਰ ਉਨ੍ਹਾਂ ਨੂੰ ਪੂਰੇ ਸ਼ਹਿਰ ਵਿਚ ਫੈਲਾਉਣ ਦੀ ਧਮਕੀ ਦਿੱਤੀ ਜਾਂਦੀ ਸੀ। ਪੀੜਤ ਵਿਦਿਆਰਥਣਾਂ ਨੂੰ ਤਸਵੀਰਾਂ ਡਿਲੀਟ ਕਰਨ ਦਾ ਵਾਅਦਾ ਕਰਕੇ ਆਪਣੀਆਂ ਦੂਜੀਆਂ ਸਹੇਲੀਆਂ ਨੂੰ ਲਿਆਉਣ ਲਈ ਕਹਿੰਦੇ ਸਨ ਅਤੇ ਫਿਰ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਇਸ ਤਰ੍ਹਾਂ 100 ਤੋਂ ਵੱਧ ਵਿਦਿਆਰਥਣਾਂ ਉਨ੍ਹਾਂ ਦਰਿੰਦਿਆਂ ਦੇ ਚੁੰਗਲ ‘ਚ ਫਸ ਗਈਆਂ।

ਦੱਸਣਯੋਗ ਹੈ ਕਿ ਅਖਬਾਰ ‘ਚ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮ ਕੈਮਰੇ ਵਾਲੀਆਂ ਦੁਕਾਨਾਂ ‘ਤੇ ਪੀੜਤ ਲੜਕੀਆਂ ਦੀਆਂ ਤਸਵੀਰਾਂ ਧਵਾਉਂਦੇ ਸਨ। ਇਸ ਤਰ੍ਹਾਂ ਇਹ ਤਸਵੀਰਾਂ ਦੁਕਾਨਦਾਰਾਂ ਦੇ ਹੱਥ ਲੱਗ ਗਈਆਂ। ਉਨ੍ਹਾਂ ਨੇ ਵੀ ਲੜਕੀਆਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨਾਲ ਜਬਰ ਜਨਾਹ ਕਰਨਾ ਸ਼ੁਰੂ ਕਰ ਦਿੱਤਾ। ਸ਼ਹਿਰ ‘ਚ ਬਦਨਾਮੀ ਹੁੰਦੀ ਦੇਖ ਕੁੜੀਆਂ ਤਣਾਅ ‘ਚ ਆ ਗਈਆਂ। ਕਈ ਪੀੜਤਾਂ ਨੇ ਤਾਂ ਖੁਦਕੁਸ਼ੀ ਕਰ ਲਈ। ਪੁਲਸ ਜਾਂਚ ਤੋਂ ਬਾਅਦ ਮਾਮਲਾ ਅਦਾਲਤ ਤਕ ਪਹੁੰਚ ਗਿਆ। ਕਈ ਸੁਣਵਾਈਆਂ ਤੋਂ ਬਾਅਦ 18 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ। ਅੱਠ ਦਰਿੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੁਝ ਮੁਲਜ਼ਮ ਅਜੇ ਵੀ ਫਰਾਰ ਹਨ।

Add a Comment

Your email address will not be published. Required fields are marked *