ਅਮਰਨਾਥ ਯਾਤਰਾ:ਜ਼ਮੀਨ ਤੋਂ ਆਕਾਸ਼ ਤੱਕ ਹੋਵੇਗੀ ਜ਼ਬਰਦਸਤ ਸੁਰੱਖਿਆ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚ 1 ਜੁਲਾਈ ਤੋਂ ਸ਼ੁਰੂ ਹੋ ਰਹੀ ਪਵਿੱਤਰ ਅਮਰਨਾਥ ਯਾਤਰਾ ਦੇ ਰੂਟ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ਾਹ ਨੇ ਸ਼ੁੱਕਰਵਾਰ ਇੱਥੇ ਉੱਚ ਪੱਧਰੀ ਬੈਠਕ ’ਚ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ, ਬੀ. ਐੱਸ. ਐੱਫ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਡਾਇਰੈਕਟਰ ਜਨਰਲ, ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਡੀ. ਜੀ., ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਤੇ ਫ਼ੌਜ ਦੇ ਅਧਿਕਾਰੀ ਹਾਜ਼ਰ ਸਨ। ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਰਜੀਹ ਇਹ ਹੈ ਕਿ ਅਮਰਨਾਥ ਯਾਤਰੀਆਂ ਨੂੰ ਆਸਾਨੀ ਨਾਲ ਦਰਸ਼ਨ ਕਰਵਾਏ ਜਾਣ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸ਼੍ਰੀ ਅਮਰਨਾਥ ਯਾਤਰਾ ਦੇ ਸਮੁੱਚੇ ਰੂਟ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹਵਾਈ ਅੱਡੇ ਅਤੇ ਰੇਲਵੇ ਸਟੇਸ਼ਨ ਤੋਂ ਯਾਤਰਾ ਦੇ ਬੇਸ ਕੈਂਪ ਤੱਕ ਦੇ ਰੂਟ ’ਤੇ ਹਰ ਤਰ੍ਹਾਂ ਦੇ ਸੁਚਾਰੂ ਪ੍ਰਬੰਧਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਯਾਤਰੀਆਂ ਦੀ ਸਹੂਲਤ ਲਈ ਰਾਤ ਸਮੇਂ ਸ੍ਰੀਨਗਰ ਅਤੇ ਜੰਮੂ ਤੋਂ ਹਵਾਈ ਸੇਵਾ ਮੁਹੱਈਆ ਕਰਵਾਉਣ ਲਈ ਵੀ ਕਿਹਾ।

ਸ਼ਾਹ ਨੇ ਆਕਸੀਜਨ ਸਿਲੰਡਰਾਂ ਦੇ ਢੁਕਵੇਂ ਸਟਾਕ ਅਤੇ ਉਨ੍ਹਾਂ ਦੀ ਰੀਫਿਲਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਡਾਕਟਰਾਂ ਦੀਆਂ ਵਾਧੂ ਟੀਮਾਂ ਮੁਹੱਈਆ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਸੇ ਵੀ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਲਈ ਢੁਕਵੇਂ ਮੈਡੀਕਲ ਬੈੱਡ , ਐਂਬੂਲੈਂਸਾਂ ਅਤੇ ਹੈਲੀਕਾਪਟਰਾਂ ਦੀ ਤਾਇਨਾਤੀ ਲਈ ਵੀ ਕਿਹਾ। ਇਸ ਦੇ ਨਾਲ ਹੀ ਅਮਰਨਾਥ ਯਾਤਰੀਆਂ ਲਈ ਠਹਿਰਨ, ਬਿਜਲੀ, ਪਾਣੀ, ਸੰਚਾਰ ਅਤੇ ਸਿਹਤ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਯਾਤਰਾ ਦੇ ਰੂਟ ’ਤੇ ਜ਼ਮੀਨ ਖਿਸਕਣ ਦੀ ਸਥਿਤੀ ਵਿੱਚ ਤੁਰੰਤ ਰਸਤਾ ਸਾਫ਼ ਕਰਨ ਲਈ ਮਸ਼ੀਨਾਂ ਦੀ ਤਾਇਨਾਤੀ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼੍ਰੀ ਅਮਰਨਾਥ ਯਾਤਰਾ ਦੇ ਸਾਰੇ ਯਾਤਰੀਆਂ ਨੂੰ ਆਰ.ਐਫ.ਆਈ.ਡੀ. ਕਾਰਡ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਦੀ ‘ਰੀਅਲ ਟਾਈਮ ਲੋਕੇਸ਼ਨ’ ਨੂੰ ਟਰੇਸ ਕੀਤਾ ਜਾ ਸਕੇ।

ਹਰ ਅਮਰਨਾਥ ਯਾਤਰੀ ਦਾ 5 ਲੱਖ ਰੁਪਏ ਅਤੇ ਹਰ ਜਾਨਵਰ ਦਾ 50,000 ਰੁਪਏ ਦਾ ਬੀਮਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਤਰਾ ਦੇ ਰੂਟ ’ਤੇ ਟੈਂਟ, ਵਾਈ.ਫਾਈ. ਹਾਟਸਪਾਟਸ ਅਤੇ ਉਚਿਤ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਬਾਬਾ ਬਰਫਾਨੀ ਦੇ ਆਨਲਾਈਨ ਲਾਈਵ ਦਰਸ਼ਨ, ਪਵਿੱਤਰ ਅਮਰਨਾਥ ਗੁਫਾ ਵਿਖੇ ਸਵੇਰ ਅਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਅਤੇ ਬੇਸ ਕੈਂਪ ਵਿਖੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਣਗੇ।

Add a Comment

Your email address will not be published. Required fields are marked *