ਮਹਾਰਾਸ਼ਟਰ ‘ਚ ਬੱਸ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ 25 ਲੋਕ

ਮੁੰਬਈ : ਮਹਾਰਾਸ਼ਟਰ ਦੇ ਬੁਲਢਾਣਾ ‘ਚ ਸ਼ੁੱਕਰਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਿਆ। ਨਾਗਪੁਰ ਤੋਂ ਪੁਣੇ ਵੱਲ ਜਾ ਰਹੀ ਬੱਸ ਬੁਲਢਾਣਾ ਜ਼ਿਲ੍ਹੇ ਦੇ ਸਿੰਦਖੇੜ ‘ਚ ਸਮ੍ਰਿਧੀ ਮਹਾਮਾਰਗ ਐਕਸਪ੍ਰੈੱਸ ਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਬਾਅਦ ਬੱਸ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ 25 ਲੋਕ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 30 ਤੋਂ ਜ਼ਿਆਦਾ ਯਾਤਰੀ ਸਵਾਰ ਸਨ। ਫਿਲਹਾਲ ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਰੇਸਕਿਊ ਆਪਰੇਸ਼ਨ ‘ਚ ਜੁੱਟੀ ਹੈ।

ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਬੱਸ ਸਭ ਤੋਂ ਪਹਿਲਾਂ ਸਮਰਿਧੀ ਮਹਾਮਾਰਗ ਐਕਸਪ੍ਰੈੱਸ ਵੇਅ ‘ਤੇ ਲੋਹੇ ਦੇ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਪਲਟ ਗਈ। ਜਿਸ ਕਾਰਨ ਬੱਸ ਦਾ ਦਰਵਾਜ਼ਾ ਹੇਠਾਂ ਆਉਣ ਕਾਰਨ ਬਾਹਰ ਨਿਕਲਣ ਦਾ ਰਾਹ ਵੀ ਬੰਦ ਹੋ ਗਿਆ। ਜੋ ਯਾਤਰੀ ਬਾਹਰ ਨਿਕਲੇ ਵੀ ਸਨ, ਉਹ ਸਾਰੇ ਖਿੜਕੀਆਂ ਤੋੜ ਕੇ ਬਾਹਰ ਨਿਕਲ ਸਕੇ।

ਮੌਕੇ ‘ਤੇ ਪੁੱਜੇ ਏ. ਡੀ. ਜੀ. ਸੰਜੇ ਸਕਸੈਨਾ ਦੇ ਮੁਤਾਬਕ ਇਹ ਜਾਂਚ ਦਾ ਵਿਸ਼ਾ ਹੈ ਕਿ ਬੱਸ ਦਾ ਟਾਇਰ ਫਟਿਆ ਜਾਂ ਬੱਸ ਖੰਭੇ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਪਲਟੀ, ਜਿਸ ਕਾਰਨ ਅੱਗ ਲੱਗ ਗਈ। ਹਾਦਸੇ ‘ਚ ਕੁੱਲ 25 ਯਾਤਰੀਆਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ 8 ਯਾਤਰੀ ਹੀ ਬਚਾਏ ਗਏ, ਜਿਨ੍ਹਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

Add a Comment

Your email address will not be published. Required fields are marked *