ਮੈਂ ਅਪਰਾਧੀ ਜਾਂ ਦਹਿਸ਼ਤਗਰਦ ਨਹੀਂ, ਪਾਸਪੋਰਟ ਦੀ ਲੜਾਈ ਜਾਰੀ ਰੱਖਾਂਗੀ: ਇਲਤਿਜਾ

ਯੂਏਈ ਵਿੱਚ ਦੋ ਸਾਲ ਦੀ ਪੜ੍ਹਾਈ ਲਈ ‘ਕਿਸੇ ਖਾਸ ਮੁਲਕ ਲਈ ਪਾਸਪੋਰਟ’ ਜਾਰੀ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਨੇ ਅੱਜ ਕਿਹਾ ਕਿ ‘ਕੀ ਉਹ ਦਹਿਸ਼ਤਗਰਦ ਜਾਂ ਫਿਰ ਦੇਸ਼ ਵਿਰੋਧੀ’ ਹੈ। ਜੰਮੂ  ਕਸ਼ਮੀਰ ਪੁਲੀਸ ਦੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਦੀ ਉਲਟ ਰਿਪੋਰਟ ਕਰਕੇ ਪਾਸਪੋਰਟ ਅਰਜ਼ੀ ਮਨਜ਼ੂਰ ਨਾ ਕੀਤੇ ਜਾਣ ਮਗਰੋਂ 35 ਸਾਲਾ ਇਲਤਿਜਾ ਨੇ ਫਰਵਰੀ ਵਿੱਚ ਜੰਮੂ ਕਸ਼ਮੀਰ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਇਲਤਿਜਾ ਦਾ ਪਾਸਪੋਰਟ 2 ਜਨਵਰੀ ਨੂੰ ਖ਼ਤਮ ਹੋ ਗਿਆ ਸੀ ਤੇ ਉਸ ਨੇ ਪਿਛਲੇ ਸਾਲ 8 ਜੂਨ ਨੂੰ ਨਵੇਂ ਪਾਸਪੋਰਟ ਲਈ ਐਪਲਾਈ ਕੀਤਾ ਸੀ। ਕੋਰਟ ਨੇ ਸੁਣਵਾਈ ਦੌਰਾਨ ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ) ਨੂੰ ਕੇਸ ਦੇ ਗੁਣ-ਦੋਸ਼ਾਂ ’ਤੇ ਨਜ਼ਰਸਾਨੀ ਲਈ ਕਿਹਾ ਸੀ। ਇਸ ਮਗਰੋਂ, ਇਲਤਿਜਾ, ਜੋ ਉਚੇਰੀ ਸਿੱਖਿਆ ਲਈ ਵਿਦੇਸ਼ ਜਾਣਾ ਚਾਹੁੰਦੀ ਸੀ, ਨੂੰ ਜਿਹੜਾ ਪਾਸਪੋਰਟ ਜਾਰੀ ਕੀਤਾ ਗਿਆ, ਉਹ 5 ਅਪਰੈਲ 2023 ਤੋਂ 4 ਅਪਰੈਲ 2025 ਤੱਕ ਵੈਧ ਸੀ। 

ਇਥੇ ਪੀਡੀਪੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਇਲਤਿਜਾ ਨੇ ਦੱਸਿਆ, ‘‘ਕਸ਼ਮੀਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਦਵਿੰਦਰ ਕੁਮਾਰ ਤੇ ਸੀਆਈਡੀ ਨੇ ਨਿਆਂਪਾਲਿਕਾ ਨੂੰ ਗੁੰਮਰਾਹ ਕੀਤਾ ਹੈ। ਮੈਨੂੰ ਜਾਰੀ ਪਾਸਪੋਰਟ ਦੋ ਸਾਲ ਦਾ ਹੈ ਤੇ ਇਸ ਵਿੱਚ ਸਪਸ਼ਟ ਲਿਖਿਆ ਹੈ ਕਿ ਇਹ ਸਿਰਫ਼ ਯੂਏਈ ਲਈ ਵੈਧ ਹੋਵੇਗਾ।’’ ਇਲਤਿਜਾ ਨੇ ਕਿਹਾ ਕਿ ਉਹ ‘ਕਾਨੂੰਨ ਦੀ ਪਾਲਣਾ ਕਰਨ ਵਾਲੀ ਭਾਰਤੀ ਨਾਗਰਿਕ ਹੈ’ ਤੇ ਉਸ ਨੇ ਕੋਈ ਕਾਨੂੰਨ ਨਹੀਂ ਤੋੜਿਆ। ਪਰ ਦੋ ਸਾਲ ਦਾ ਪਾਸਪੋਰਟ ਜਾਰੀ ਕਰਨ ਲਈ ਵੀ ਉਸ ਖਿਲਾਫ਼ ਸਰਕਾਰੀ ਭੇਤਾਂ ਬਾਰੇ ਐਕਟ ਲਾਇਆ ਗਿਆ ਹੈ। ਇਹ ਐਕਟ ਆਮ ਕਰਕੇ ਜਾਸੂਸੀ ਲਈ ਲਾਇਆ ਜਾਂਦਾ ਹੈ।’’ ਉਸ ਨੇ ਕਿਹਾ, ‘‘ਕੀ ਮੈਂ ਭਗੌੜੀ ਹਾਂ? ਕੀ ਮੈਂ ਨੀਰਵ ਮੋਦੀ ਹਾਂ, ਕੀ ਮੈਂ ਦਹਿਸ਼ਤਗਰਦ ਹਾਂ…ਦੇਸ਼ ਵਿਰੋਧੀ ਹਾਂ..ਜਿਹੜੀ ਮੈਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ? ਜੇ ਮੈਂ ਕੇਂਦਰ ਸਰਕਾਰ ਦੀ ਗੱਲ ਕਰਦੀ ਹਾਂ, ਤਾਂ ਇਸ ਨੂੰ ਦੇਸ਼ ਖਿਲਾਫ਼ ਬੋਲਣ ਵਾਂਗ ਮੰਨਿਆ ਜਾਂਦਾ ਹੈ। ਮੇਰੀ ਕੀ ਗ਼ਲਤੀ ਹੈ?’’

Add a Comment

Your email address will not be published. Required fields are marked *