ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਮਮਤਾ ਬੈਨਰਜੀ ਨੇ ਕੇਂਦਰ ‘ਤੇ ਲਗਾਏ ਗੰਭੀਰ ਇਲਜ਼ਾਮ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਓਡੀਸ਼ਾ ’ਚ ਟਰੇਨ ਦੁਰਘਟਨਾ ਦੇ ਕਾਰਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਬਾਲਾਸੋਰ ’ਚ 2 ਜੂਨ ਨੂੰ ਹੋਈ ਭਿਆਨਕ ਰੇਲ ਦੁਰਘਟਨਾ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ ਪਰ ਸਬੂਤਾਂ ਨੂੰ ਪਹਿਲਾਂ ਹਟਾਇਆ ਜਾ ਚੁੱਕਾ ਹੈ। ਉਹ ਓਡਿਸ਼ਾ ਦੇ ਬਾਲਾਸੋਰ ’ਚ ਹੋਈ ਦੁਰਘਟਨਾ ’ਚ ਮਾਰੇ ਗਏ ਜਾਂ ਜ਼ਖਮੀ ਹੋਏ ਸੂਬੇ ਦੇ ਨਿਵਾਸੀਆਂ ਦੇ ਮੈਂਬਰਾਂ ਨੂੰ ਚੈੱਕ ਅਤੇ ਨਿਯੁਕਤੀ-ਪੱਤਰ ਸੌਂਪਣ ਲਈ ਪੱਛਮੀ ਬੰਗਾਲ ਸਰਕਾਰ ਵਲੋਂ ਆਯੋਜਿਤ ਇਕ ਪ੍ਰੋਗਰਾਮ ’ਚ ਬੋਲ ਰਹੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ’ਚ ਪੱਛਮੀ ਬੰਗਾਲ ਦੇ 103 ਲੋਕ ਮਾਰੇ ਗਏ ਸਨ ਅਤੇ ਉਨ੍ਹਾਂ ’ਚੋਂ ਹੁਣ ਤੱਕ 86 ਦੀ ਪਛਾਣ ਕੀਤੀ ਜਾ ਸਕੀ ਹੈ। ਮਮਤਾ ਨੇ ਇਹ ਵੀ ਕਿਹਾ ਕਿ 172 ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ 635 ਨੂੰ ਮਾਮੂਲੀ ਸੱਟਾਂ ਲੱਗੀਆਂ।

ਬੈਨਰਜੀ ਨੇ ਕਿਹਾ ਕਿ ਬਾਲਾਸੋਰ ਹਾਦਸੇ ਦੇ ਪਿੱਛੇ ਦੀ ਵਜ੍ਹਾ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਦਿੱਲੀ ਨੇ 14-16 ਨਗਰ ਪਾਲਿਕਾਵਾਂ ’ਚ ਸੀ. ਬੀ. ਆਈ. ਭੇਜੀ ਹੈ। ਕੇਂਦਰੀ ਜਾਂਚ ਏਜੰਸੀ ਨੇ ਨਗਰ ਨਿਯਮਾਂ ’ਚ ਭਰਤੀ ’ਚ ਕਥਿਤ ਅਨਿਯਮਤਾਵਾਂ ਦੀ ਜਾਂਚ ਦੇ ਸਿਲਸਿਲੇ ’ਚ ਬੁੱਧਵਾਰ ਨੂੰ ਪੱਛਮੀ ਬੰਗਾਲ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ (ਭਾਜਪਾ ਸਰਕਾਰ) ਸੱਚ ਨੂੰ ਦਬਾ ਨਹੀਂ ਪਾਓਗੇ। ਮੈਂ ਚਾਹੁੰਦੀ ਹਾਂ ਕਿ ਸੱਚ ਸਾਹਮਣੇ ਆਵੇ। ਹਾਦਸੇ ’ਚ ਮਾਰੇ ਗਏ ਅਤੇ ਜ਼ਖਮੀ ਲੋਕਾਂ ਦੇ ਪਰਿਵਾਰਕ ਮੈਂਬਰ ਹਾਦਸੇ ਦਾ ਕਾਰਨ ਜਾਣਨਾ ਚਾਹੁੰਦੇ ਹਨ। ਇਸ ਦੇ ਲਈ ਦੋਸ਼ੀ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਕੁਝ ਦਿਨਾਂ ’ਚ ਕਟਕ ਅਤੇ ਭੁਵਨੇਸ਼ਵਰ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਕਰਵਾ ਰਹੇ ਜ਼ਖਮੀ ਅਤੇ ਟਰੇਨ ਹਾਦਸੇ ਦੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਦੋ ਵਾਰ ਓਡੀਸ਼ਾ ਦਾ ਦੌਰਾ ਕੀਤਾ ਹੈ।

Add a Comment

Your email address will not be published. Required fields are marked *