ਸੰਯੁਕਤ ਕਿਸਾਨ ਮੋਰਚਾ 19 ਨੂੰ ਮਨਾਏਗਾ ‘ਫਤਹਿ ਦਿਵਸ’

ਨਵੀਂ ਦਿੱਲੀ, 14 ਨਵੰਬਰ

ਸੰਯੁਕਤ ਕਿਸਾਨ ਮੋਰਚਾ ਦੀ ਦੇਸ਼ ਪੱਧਰੀ ਮੀਟਿੰਗ ਅੱਜ ਗੁਰੂਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਹੋਈ ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ ਲਿਆ।

ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਦਿੱਲੀ ਦੀਆਂ ਹੱਦਾਂ ’ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ ਇੱਕ ਸਾਲ ਹੋਣ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਅਜੇ ਵੀ ਪੂਰੇ ਨਹੀਂ ਹੋਏ ਹਨ। ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਪਿਛਲੇ ਸਾਲ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਇਹ ਦਿਨ ‘ਫਤਿਹ ਦਿਵਸ’ ਵਜੋਂ ਮਨਾਇਆ ਜਾਏਗਾ। ਉਨ੍ਹਾਂ ਕਿਹਾ ਕਿ 26 ਨਵੰਬਰ 2020 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੱਖਾਂ ਕਿਸਾਨ ਦਿੱਲੀ ਵੱਲ ਰਵਾਨਾ ਹੋਏ ਸੀ। ਸੰਯੁਕਤ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ 26 ਨਵੰਬਰ ਨੂੰ ਹਰ ਸੂਬੇ ਦੇ ਰਾਜ ਭਵਨ ਵੱਲ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਨ੍ਹਾਂ ਮੰਗ ਪੱਤਰਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਵੀ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ 11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਫ਼ਤਹਿ ਮਾਰਚ ਕਰਦਿਆਂ ਪਿੰਡਾਂ ਨੂੰ ਪਰਤ ਗਏ ਸੀ। ਆਉਣ ਵਾਲੇ 11 ਦਸੰਬਰ ਨੂੰ ਮੋਰਚੇ ਦੀ ਜਿੱਤ ਵਾਲਾ ਦਿਨ ਮਨਾਇਆ ਜਾਏਗਾ ਅਤੇ 1 ਤੋਂ 11 ਦਸੰਬਰ ਤੱਕ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 8 ਦਸੰਬਰ ਨੂੰ ਹੋਵੇਗੀ ਜਿਸ ਵਿੱਚ ਅੰਦੋਲਨ ਦੇ ਅਗਲੇ ਪੜਾਅ ਦਾ ਫ਼ੈਸਲਾ ਅਤੇ ਐਲਾਨ ਕੀਤਾ ਜਾਵੇਗਾ। ਉਸ ਮੀਟਿੰਗ ਵਿੱਚ ਕਰਜ਼ਾ ਮੁਕਤੀ, ਐੱਮਐੱਸਪੀ ਦੀ ਗਾਰੰਟੀ ਲਈ ਸੰਘਰਸ਼ ਦੀ ਤਿਆਰੀ ਦਾ ਵੇਰਵਾ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ 70 ਤੋਂ ਵੱਧ ਆਗੂ ਹਾਜ਼ਿਰ ਰਹੇ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਬੁਰਜਗਿੱਲ, ਰਮਿੰਦਰ ਸਿੰਘ ਪਟਿਆਲਾ ਅਤੇ ਜਗਤਾਰ ਸਿੰਘ ਬਾਜਵਾ ਨੇ ਕੀਤੀ।

Add a Comment

Your email address will not be published. Required fields are marked *