ਓਡੀਸ਼ਾ ਰੇਲ ਹਾਦਸੇ ਕਾਰਨ ਸੋਗ ‘ਚ ਡੁੱਬਿਆ ਦੇਸ਼, ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਹਾਵੜਾ ਜਾ ਰਹੀ ਬੈਂਗਲੁਰੂ-ਹਾਵੜਾ ਸੁਪਰ ਫਾਸਟ ਐਕਸਪ੍ਰੈੱਸ ਦੇ ਕਈ ਡੱਬਾ ਬਾਹਾਨਗਾ ਬਾਜ਼ਾਰ ਵਿਚ ਪਟੜੀ ਤੋਂ ਉਤਰ ਗਏ ਤੇ ਦੂਜੀ ਪਟੜੀ ‘ਤੇ ਜਾ ਡਿੱਗੇ। ਇਹ ਡੱਬੇ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਗਏ ਤੇ ਇਸ ਦੇ ਡੱਬੇ ਵੀ ਪਲਟ ਗਏ। ਕੋਰੋਮੰਡਲ ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰਨ ਤੋਂ ਬਾਅਦ ਇਕ ਮਾਲਗੱਡੀ ਨਾਲ ਟਕਰਾ ਗਏ, ਜਿਸ ਨਾਲ ਉਹ ਵੀ ਹਾਦਸੇ ਦੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿਚ ਹੁਣ ਤਕ 200 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਹਜ਼ਾਰ ਦੇ ਕਰੀਬ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਜਿੱਥੇ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਹੈ, ਉੱਥੇ ਹੀ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, “ਓਡੀਸ਼ਾ ਦੇ ਬਾਲਾਸੋਰ ਵਿਖੇ ਵਾਪਰਿਆ ਰੇਲ ਹਾਦਸਾ ਬਹੁਤ ਦੁਖਦਾਈ ਹੈ। NDRF ਦੀ ਟੀਮ ਪਹਿਲਾਂ ਹੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਚੁੱਕੀ ਹੈ ਅਤੇ ਹੋਰ ਟੀਮਾਂ ਵੀ ਬਚਾਅ ਕਾਰਜ ‘ਚ ਸ਼ਾਮਲ ਹੋਣਗੀਆਂ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।”

ਕਾਂਗਰਸ ਦੇ ਪ੍ਰਧਾਨ ਮੱਲੀਕਾਰਜੁਨ ਖੜਗੇ ਨੇ ਟਵੀਟ ਕੀਤਾ, “ਰੇਲ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਪੀੜਤਾਂ ਦੇ ਨਾਲ ਸਾਡੀ ਹਮਦਰਦੀ ਅਤੇ ਪ੍ਰਾਰਥਨਾ ਹੈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਬਚਾਅ ਕਾਰਜ ਤੇਜ਼ੀ ਨਾਲ ਚਲਾਇਆ ਜਾਵੇ ਤੇ ਜ਼ਖ਼ਮੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ। ਸਥਾਨਕ ਵਰਕਰਾਂ ਨੂੰ ਅਪੀਲ ਹੈ ਕਿ ਉਹ ਹਰ ਸੰਭਵ ਮਦਦ ਕਰਨ।”

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਕੋਰੋਮੰਡਲ ਐਕਸਪ੍ਰੈੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਪੀੜਤ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਜ਼ਖ਼ਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਕਾਂਗਰਸ ਵਰਕਰਾਂ ਤੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਬਚਾਅ ਕਾਰਜ ਵਿਚ ਹਰ ਸੰਭਵ ਮਦਦ ਕਰਨ।”

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, “ਬਾਲਾਸੋਰ, ਓਡੀਸ਼ਾ ਵਿਚ ਵਾਪਰੀ ਰੇਲ ਘਟਨਾ ਦੀ ਦੁੱਖਦਾਈ ਖ਼ਬਰ ਮਿਲੀ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਜ਼ਖ਼ਮੀਆਂ ਨੂੰ ਛੇਤੀ ਤੰਦਰੁਸਤੀ ਮਿਲੇ। ਸਾਰੇ ਕਾਂਗਰਸ ਵਰਕਰਾਂ ਨੂੰ ਅਪੀਲ ਹੈ ਕਿ ਉਹ ਰਾਹਤ ਕਾਰਜ ਵਿਚ ਪੂਰਾ ਸਹਿਯੋਗ ਕਰਨ।”

ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਵਿਚ ਕਿਹਾ, “ਓਡੀਸ਼ਾ ਵਿਚ ਵਾਪਰਿਆ ਇਹ ਦਰਦਨਾਕ ਰੇਲ ਹਾਦਸਾ ਬਹੁਤ ਮੰਦਭਾਗਾ ਅਤੇ ਦੁੱਖਦਾਈ ਹੈ। ਇਸ ਹਾਦਸੇ ਵਿਚ ਜਿਨ੍ਹਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਸਾਰੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ ਹੈ। ਪਰਮਾਤਮਾ ਵਿਛਰੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਅਤੇ ਪਰਿਵਾਰਾਂ ਨੂੰ ਇਸ ਔਖੀ ਘੜੀ ਵਿਚ ਹਿੰਮਤ ਤੇ ਹੌਸਲਾ ਦੇਣ।” ਸਮਾਜਵਾਦੀ ਪਾਰਟੀ ਨੇ ਟਵੀਟ ਕਰ ਕਿਹਾ, “ਓਡੀਸ਼ਾ ਵਿਚ ਕੋਰੋਮੰਡਲ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਨਾਲ ਵਾਪਰੀ ਘਟਨ ਵਿਚ ਲੋਕਾਂ ਦੀ ਮੌਤ ਦੀ ਸੂਚਨਾ ਬਹੁਤ ਮੰਦਭਾਗੀ ਹੈ। ਪਰਮਾਤਮਾ ਅੱਗੇ ਸਾਰਿਆਂ ਦੇ ਤੰਦਰੁਸਤ ਹੋਣ ਦੀ ਅਰਦਾਸ। ਸਰਕਾਰ ਤੇਜ਼ੀ ਨਾਲ ਰਾਹਤ ਕਾਰਜ ਚਲਾਏ, ਪੀੜਤਾਂ ਨੂੰ ਛੇਤੀ ਸਹਾਇਤਾ ਪਹੁੰਚਾਈ ਜਾਵੇ।”

Add a Comment

Your email address will not be published. Required fields are marked *