ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪਾਦਰੀਆਂ ਵਿਚਕਾਰ ਚੱਲੀ ਬੰਦ ਕਮਰਾ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਈਸਾਈ ਭਾਈਚਾਰੇ ਦੇ ਪਾਦਰੀਆਂ ਵੱਲੋਂ ਐਤਵਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੀਟਿੰਗ ਕਰਕੇ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਐਂਗਲੀਕਨ ਚਰਚ ਦੇ ਨਾਲ ਸਬੰਧਤ ਬਿਸ਼ਪ ਜੋਹਨ, ਅਸ਼ੀਸ਼ ਰੈਵਰਨ, ਡੈਨੀਅਲ ਮਸੀਹ, ਭਾਰਤ ਦੀ ਸਕੱਤਰ ਸਿਸਟਰ ਮਧੂਲਿਕਾ ਜੌਇਸ, ਪੰਜਾਬ ਦੇ ਸਕੱਤਰ ਰੌਬਿਨ ਰਿਚਰਡ ਅਤੇ ਪ੍ਰਬੰਧਕੀ ਸਕੱਤਰ ਗੁਰਲਾਲ ਸਿੰਘ ਨੇ ਕਿਹਾ ਕਿ ਕੁਝ ਗ਼ਲਤ ਕਿਸਮ ਦੇ ਲੋਕ ਸਿੱਖਾਂ ਅਤੇ ਈਸਾਈਆਂ ਵਿਚ ਪਾੜਾ ਪਾਉਣਾ ਚਾਹੁੰਦੇ ਹਨ, ਜਿਸ ਸਬੰਧੀ ਅਸੀਂ ਭਾਰਤ ਸਰਕਾਰ ਕੋਲ ਆਪਣਾ ਵਿਰੋਧ ਦਰਜ ਕਰਾਇਆ ਹੈ, ਉੱਥੇ ਹੀ ਵੱਖ-ਵੱਖ ਥਾਣਿਆਂ ਵਿਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ।

ਉਨ੍ਹਾਂ ਕਿਹਾ ਕਿ ਅਸੀਂ ਜਬਰੀ ਧਰਮ ਪਰਿਵਰਤਨ ਦੇ ਬਿਲਕੁਲ ਖ਼ਿਲਾਫ਼ ਹਾਂ ਅਤੇ ਸਾਡਾ ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ। ਚਮਤਕਾਰ ਬਾਰੇ ਪੁੱਛਣ ’ਤੇ ਉਨ੍ਹਾਂ ਇਸ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਚਮਤਕਾਰ ਨੂੰ ਨਹੀਂ ਮੰਨਦੇ ਸਗੋਂ ਮਨੁੱਖ ਦੀ ਆਪਣੀ ਪਾਵਰ ਹੀ ਉਸ ਨੂੰ ਠੀਕ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵੱਡੇ-ਵੱਡੇ ਹਸਪਤਾਲ ਖੋਲ੍ਹੇ ਹੋਏ ਹਨ ਅਤੇ ਦਵਾਈਆਂ ਦੇ ਨਾਲ ਮਰੀਜ਼ਾਂ ਨੂੰ ਠੀਕ ਕੀਤਾ ਜਾਂਦਾ ਹੈ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਸਬੂਤ ਮੌਜੂਦ ਹਨ ਕਿ ਅਜਿਹੇ ਲੋਕਾਂ ਨੂੰ ਬਾਹਰੋਂ ਫੰਡਿੰਗ ਹੁੰਦੀ ਹੈ, ਜਿਸ ਸਬੰਧੀ ਅਸੀਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ।

ਈਸਾਈ ਭਾਈਚਾਰੇ ਵੱਲੋਂ ਖੋਲ੍ਹੇ ਗਏ ਹਸਪਤਾਲਾਂ ’ਚ ਗ਼ਰੀਬ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਆਪਣੇ ਧਰਮ ’ਚ ਲਿਆਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਅਤੇ ਨਾ ਹੀ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੰਦੇ ਹਾਂ, ਇਸ ਲਈ ਅਲੱਗ ਤੌਰ ’ਤੇ ਸਮਾਜ ਸੇਵੀ ਸੋਸਾਇਟੀਆਂ ਬਣੀਆਂ ਹੋਈਆਂ ਹਨ, ਜੋ ਅਜਿਹੇ ਲੋਕਾਂ ਦੀ ਸਹਾਇਤਾ ਕਰਦੀਆਂ ਹੋਣਗੀਆਂ ਪਰ ਈਸਾਈ ਭਾਈਚਾਰੇ ਵੱਲੋਂ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪਿਛਲੇ ਦਿਨੀਂ ਕੁਝ ਸਿੱਖ ਪਰਿਵਾਰ ਈਸਾਈ ਧਰਮ ਤੋਂ ਮੁੜ ਕੇ ਦੁਬਾਰਾ ਸਿੱਖ ਧਰਮ ’ਚ ਵਾਪਸ ਆਉਣ ਅਤੇ ਉਨ੍ਹਾਂ ਨੂੰ ਲਾਲਚ ਦੇਣ ਦੇ ਦੋਸ਼ ਲਾਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਜੋ ਈਸਾਈ ਧਰਮ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ ਤੇ ਸ਼ਰਾਰਤੀ ਲੋਕਾਂ ਖ਼ਿਲਾਫ਼ ਸਰਕਾਰ ਵੱਲੋਂ ਕਾਰਵਾਈ ਕਰੇ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਕੋਲ ਇਸ ਸਬੰਧੀ ਸ਼ਿਕਾਇਤਾਂ ਆਈਆਂ ਸਨ ਕਿ ਬਾਰਡਰ ਇਲਾਕੇ ਖ਼ਾਸ ਕਰ ਕੇ ਅੰਮ੍ਰਿਤਸਰ ਵਿਖੇ ਈਸਾਈ ਪਾਦਰੀਆਂ ਵੱਲੋਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਲਚ ਅਤੇ ਡਰਾਵੇ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਾਡੇ ਕੋਲ ਇਸ ਸਬੰਧੀ ਸਬੂਤ ਵੀ ਮੌਜੂਦ ਹਨ।

ਸਿੰਘ ਸਾਹਿਬ ਨੇ ਕਿਹਾ ਕਿ ਬੱਚਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਤੋਂ ਰੋਕਿਆ ਜਾ ਰਿਹਾ ਹੈ। ਸਕੂਲਾਂ ’ਚ ਪੰਜਾਬੀ ਪੜ੍ਹਨ ’ਤੇ ਪਾਬੰਦੀ ਲਾਈ ਜਾ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਘਟੀਆ ਸ਼ਬਦਾਵਲੀ ਵਰਤੀ ਜਾ ਰਹੀ ਹੈ, ਗੁਟਕੇ ਅਤੇ ਪੋਥੀਆਂ ਨੂੰ ਸ਼ੈਤਾਨ ਦੀਆਂ ਕਿਤਾਬਾਂ ਕਹਿ ਕੇ ਭੰਡਿਆ ਜਾ ਰਿਹਾ ਹੈ, ਸਬੰਧੀ ਸਾਡੇ ਕੋਲ ਸਬੂਤ ਵੀ ਮੌਜੂਦ ਹਨ। ਉਨ੍ਹਾਂ ਕਿਹਾ ਇਹ ਸਾਰੇ ਸ਼ੰਕੇ ਨਵਿਰਤ ਕਰਨ ਲਈ ਈਸਾਈ ਭਾਈਚਾਰੇ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਈਸਾਈ ਭਾਈਚਾਰੇ ਦੇ ਮੁਖੀਆਂ ਨੇ ਗੱਲਬਾਤ ’ਚ ਮੰਨਿਆ ਕਿ ਕੁਝ ਲੋਕ ਈਸਾਈ ਧਰਮ ਅਤੇ ਸਿੱਖਾਂ ਵਿਚਕਾਰ ਪਾੜਾ ਪਾਉਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ ਤੇ ਅਸੀਂ ਅਜਿਹੇ ਲੋਕਾਂ ਦੇ ਨਾਲ ਬਿਲਕੁਲ ਵੀ ਨਹੀਂ ਹਾਂ ਅਤੇ ਉਨ੍ਹਾਂ ਖ਼ਿਲਾਫ਼ ਪੰਜਾਬ ਅਤੇ ਕੇਂਦਰ ਸਰਕਾਰ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ।

ਸਿੰਘ ਸਾਹਿਬ ਨੇ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਆਪਸੀ ਇਤਫਾਕ, ਪਿਆਰ, ਭਾਈਚਾਰਕ ਸਾਂਝ ਬਣਾਈ ਰੱਖੀ ਜਾਵੇ ਤੇ ਆਪਸੀ ਭਾਈਚਾਰਕ ਸਾਂਝ ਵਿਚ ਤਰੇੜਾਂ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਿੰਘ ਸਾਹਿਬਾਨ ਵੱਲੋਂ ਈਸਾਈ ਭਾਈਚਾਰੇ ਦੀ ਆਈ ਮੁਖੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਅਡੀਸ਼ਨਲ ਮੈਨੇਜਰ ਭਾਈ ਹਰਦੇਵ ਸਿੰਘ, ਜਸਪਾਲ ਸਿੰਘ ਢੱਡੇ, ਦਵਿੰਦਰ ਸਿੰਘ ਢਿੱਲੋਂ ਸਮੇਤ ਆਗੂ ਸਾਹਿਬਾਨ ਹਾਜ਼ਰ ਸਨ ।

Add a Comment

Your email address will not be published. Required fields are marked *