ਫੈਕਟਰੀ ’ਚੋਂ ਗਊ ਮਾਸ ਮਿਲਣ ਦੇ ਮਾਮਲੇ ’ਚ 4 ਹੋਰ ਗ੍ਰਿਫ਼ਤਾਰ

ਜਲੰਧਰ –ਬੀਤੇ ਦਿਨੀਂ ਧੋਗੜੀ ਦੇ ਇੰਡਸਟਰੀਅਲ ਜ਼ੋਨ ਵਿਚ ਕਾਫ਼ੀ ਸਮੇਂ ਤੋਂ ਬੰਦ ਪਈ ਨੇਹਾ ਟੋਕਾ ਫੈਕਟਰੀ ਵਿਚੋਂ ਗਊ ਮਾਸ ਫੜਿਆ ਗਿਆ ਸੀ ਅਤੇ ਹਿੰਦੂ ਸੰਗਠਨਾਂ ਨੇ ਦੋਸ਼ੀਆਂ ਨੂੰ ਕਾਬੂ ਕਰਵਾਉਣ ਲਈ ਹਾਈਵੇਅ ਤਕ ਜਾਮ ਕਰ ਦਿੱਤਾ ਸੀ ਅਤੇ ਪੁਲਸ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਕਿ ਜਿਹੜੇ ਵੀ ਦੋਸ਼ੀ ਹੋਣਗੇ, ਉਹ ਕਾਬੂ ਕਰ ਲਏ ਜਾਣਗੇ। ਇਸੇ ਭਰੋਸੇ ’ਤੇ ਹਾਈਵੇਅ ਨੂੰ ਖੁੱਲ੍ਹਵਾ ਦਿੱਤਾ ਗਿਆ ਸੀ ਅਤੇ ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਟੀਮਾਂ ਵੀ ਬਣਾ ਦਿੱਤੀਆਂ ਸਨ। ਇਸ ਮਾਮਲੇ ਵਿਚ ਮੌਕੇ ਤੋਂ 13 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਵਿਚ 4 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ 4 ਮੁਲਜ਼ਮਾਂ ਵਿਚ ਗੱਡੀ ਵਿਚ ਗਊਆਂ ਨੂੰ ਲੋਡ ਕਰਵਾਉਣ ਵਾਲੇ, ਸਕਿਓਰਿਟੀ ਗਾਰਡ ਅਤੇ ਡਰਾਈਵਰ ਸ਼ਾਮਲ ਹਨ।

ਥਾਣਾ ਆਦਮਪੁਰ ਦੀ ਪੁਲਸ ਨੇ ਕੱਟੀਆਂ ਗਊਆਂ ਨੂੰ ਗੱਡੀਆਂ ਵਿਚ ਲੋਡ ਕਰਵਾਉਣ ਵਾਲੇ ਗੁੱਜਰ ਜਹੂਰੀ ਪੁੱਤਰ ਜਾਹਿਦ ਅਬਦੁੱਲਾ, ਮੁਹੰਮਦ ਇਰਫਾਨ ਪੁੱਤਰ ਜਸਮੀਨ ਨਿਵਾਸੀ ਮੌਲਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਗੱਡੀ ਦਾ ਡਰਾਈਵਰ ਅਰਸ਼ਦ ਪੁੱਤਰ ਨੰਨ੍ਹਾ ਨਿਵਾਸੀ ਛਪਾਰ, ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਅਤੇ ਫੈਕਟਰੀ ਦਾ ਸਕਿਓਰਿਟੀ ਗਾਰਡ ਸ਼ਿੰਗਾਰਾ ਰਾਮ ਪੁੱਤਰ ਸ਼ੰਕਰ ਦਾਸ ਨਿਵਾਸੀ ਬਿਆਸ ਪਿੰਡ ਜ਼ਿਲ੍ਹਾ ਜਲੰਧਰ ਨੂੰ ਕਾਬੂ ਕੀਤਾ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਗੁੱਜਰ ਜਹੂਰੀ ਕੱਟੀ ਹੋਈ ਗਊ ਮਾਤਾ ਨੂੰ ਗੱਡੀਆਂ ਵਿਚ ਲੋਡ ਕਰਵਾਉਂਦਾ ਸੀ। ਅਰਸ਼ਦ ਪੁੱਤਰ ਨੰਨ੍ਹਾ ਨੇਹਾ ਟੋਕਾ ਫੈਕਟਰੀ ਵਿਚ ਪੈਕ ਕੀਤੇ ਗਏ ਗਊ ਮਾਸ ਦੀ ਪੈਕਿੰਗ ਵਾਲੇ ਪੈਕੇਟ ਪਿਕਅੱਪ ਗੱਡੀ ਵਿਚ ਪਾ ਕੇ ਅੱਗੇ ਸਪਲਾਈ ਦਿੰਦਾ ਸੀ। ਸੂਤਰਾਂ ਅਨੁਸਾਰ ਖੰਨਾ ਵਿਚ ਗਊਆਂ ਨੂੰ ਕੱਟਿਆ ਜਾਂਦਾ ਸੀ ਅਤੇ ਜਲੰਧਰ ਸਥਿਤ ਨੇਹਾ ਟੋਕਾ ਫੈਕਟਰੀ ਵਿਚ ਕੱਟੀਆਂ ਹੋਈਆਂ ਗਊਆਂ ਦੇ ਮਾਸ ਨੂੰ ਸਾਫ਼ ਕਰਕੇ ਪੈਕਿੰਗ ਕੀਤੀ ਜਾਂਦੀ ਸੀ ਅਤੇ ਹੱਡੀਆਂ ਨੂੰ ਫਿਰ ਵਾਪਸ ਖੰਨਾ ਭੇਜ ਦਿੱਤਾ ਜਾਂਦਾ ਸੀ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ।

ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ 4 ਟੀਮਾਂ ਬਣਾਈਆਂ ਸਨ ਅਤੇ ਉਨ੍ਹਾਂ ਟੀਮਾਂ ਨੇ ਹੁਣ ਤਕ 17 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਪਰ ਇਸ ਸਾਰੇ ਗੰਦੇ ਕੰਮ ਦੇ ਮਾਸਟਰ ਮਾਈਂਡ ਤਿੰਨੋਂ ਮੁਸਲਿਮ ਭਰਾ ਇਮਰਾਨ ਕੁਰੈਸ਼ੀ, ਆਜ਼ਮ ਕੁਰੈਸ਼ੀ (ਗੁੱਡੂ) ਅਤੇ ਪ੍ਰਵੇਸ਼ ਕੁਰੈਸ਼ੀ ਸਾਰੇ ਪੁੱਤਰ ਹਾਜੀ ਬਬਲੂ ਕੁਰੈਸ਼ੀ ਨਿਵਾਸੀ ਸਾਹਮਣੇ ਫੈਸਲ ਮਸਜਿਦ, ਸੈਕਟਰ-2, ਸ਼ਾਹੀ ਨਗਰ, ਮੇਰਠ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹਨ।

ਥਾਣਾ ਆਦਮਪੁਰ ਪੁਲਸ ਦੀ ਦੇਖ-ਰੇਖ ਅਤੇ ਹਿੰਦੂ ਸੰਗਠਨਾਂ ਦੀ ਮੌਜੂਦਗੀ ਵਿਚ ਗਊ ਮਾਸ ਦੇ 405 ਪੈਕ ਕੀਤੇ ਪੈਕੇਟਾਂ ਨੂੰ ਨਾਇਬ ਤਹਿਸੀਲਦਾਰ, ਡੀ. ਐੱਸ. ਪੀ. ਆਦਮਪੁਰ ਵਿਜੇ ਕੰਵਰਪਾਲ, ਐੱਸ. ਐੱਚ. ਓ. ਮਨਜੀਤ ਸਿੰਘ, ਹਿੰਦੂ ਸੰਗਠਨਾਂ ਦੇ ਵਰਕਰ ਪ੍ਰਸ਼ਾਂਤ ਗੰਭੀਰ, ਰੋਹਿਤ ਜੋਸ਼ੀ ਅਤੇ ਅਮਰਜੀਤ ਤੋਂ ਇਲਾਵਾ ਸੈਂਕੜੇ ਵਰਕਰਾਂ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਪਿੰਡ ਬੁਲੰਦਪੁਰ ਵਿਚ ਸਥਿਤ ਹੱਡਾਰੋੜੀ ਦੀ ਜ਼ਮੀਨ ਵਿਚ ਦਬਾਇਆ। ਗਊ ਮਾਸ ਦੇ ਪੈਕੇਟਾਂ ਨੂੰ ਦਬਾਉਣ ਤੋਂ ਪਹਿਲਾਂ ਪੰਡਿਤਾਂ ਵੱਲੋਂ ਪੂਜਾ-ਪਾਠ ਕੀਤਾ ਗਿਆ ਅਤੇ ‘ਗਊ ਮਾਤਾ ਦੀ ਜੈ’ ਦੇ ਨਾਅਰੇ ਲਾ ਕੇ ਗਊ ਮਾਤਾਵਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਸੂਤਰਾਂ ਦੇ ਅਨੁਸਾਰ ਗਊ ਮਾਸ ਦੇ ਮਾਮਲੇ ਵਿਚ ਪੁਲਸ ਨੂੰ ਇਨਪੁੱਟ ਮਿਲੇ ਹਨ ਕਿ ਪੰਜਾਬ ਦੇ ਕਈ ਹੋਟਲਾਂ ਵਿਚ ਗਊ ਮਾਸ ਪਰੋਸਿਆ ਜਾ ਰਿਹਾ ਸੀ ਅਤੇ ਹੁਣ ਪੁਲਸ ਇਨ੍ਹਾਂ ਹੋਟਲਾਂ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਜੁਟ ਗਈ ਹੈ। ਅਰਸ਼ਦ ਨਾਂ ਦੇ ਮੁਲਜ਼ਮ ਨੂੰ ਪੁਲਸ ਨੇ ਫੜਿਆ ਹੈ, ਉਹ ਇਸ ਬਾਰੇ ਕਈ ਖ਼ੁਲਾਸੇ ਕਰ ਰਿਹਾ ਹੈ ਕਿ ਪੁਲਸ ਇਸ ਖੁਲਾਸੇ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਹੋਟਲਾਂ ਦੇ ਮਾਲਕਾਂ ਨੂੰ ਵੀ ਪੁੱਛਗਿੱਛ ਲਈ ਬੁਲਾ ਸਕਦੀ ਹੈ ਕਿਉਂਕਿ ਉਨ੍ਹਾਂ ਨੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

Add a Comment

Your email address will not be published. Required fields are marked *