ਪੁਲੀਸ ਦਾ ਗੈਂਗਸਟਰਾਂ ਨਾਲ ਵੀਆਈਪੀ ਵਿਹਾਰ ਠੀਕ ਨਹੀਂ: ਬਲਕੌਰ ਸਿੰਘ

ਮਾਨਸਾ, 8 ਅਗਸਤ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਵੱਲੋਂ ਗੈਂਗਸਟਰਾਂ ਨਾਲ ਵੀਆਈਪੀ ਵਿਹਾਰ ਕਰਕੇ ਗ਼ਲਤ ਅਨਸਰਾਂ ਨੂੰ ਹੌਸਲਾ ਮਿਲਦਾ ਹੈ, ਜਿਸ ਕਰਕੇ ਸੂਬੇ ਦੇ ਹਾਲਾਤ ਹੋਰ ਵਿਗੜਨ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗਿਆਂ ਨੂੰ ਨਿੱਤ ਨਵੀਆਂ ਤੇ ਬਰੈਂਡਿਡ ਟੀ ਸ਼ਰਟਾਂ ਪਵਾ ਕੇ ਮੀਡੀਆ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਨਵੀਂ ਉਮਰ ਦੇ ਮੁੰਡਿਆਂ ਵਿੱਚ ਗੈਂਗਸਟਰਾਂ ਨਾਲ ਜੁੜਨ ਦੀ ਭਾਵਨਾ ਪੈਦਾ ਹੁੰਦੀ ਹੈ। ਪਿੰਡ ਮੂਸਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਵਰਗੇ ਅਪਰਾਧੀਆਂ ਨੂੰ ਮਿਲਣ ਵਾਲੀ ਪ੍ਰਸਿੱਧੀ ਕਾਰਨ ਅਜੋਕੇ ਨੌਜਵਾਨ ਤੇ ਹਲਕੀ ਉਮਰ ਦੇ ਲੜਕੇ ਪ੍ਰਭਾਵਿਤ ਹੁੰਦੇ ਹਨ ਤੇ ਉਨ੍ਹਾਂ ਵਿੱਚ ਵੀ ਅਜਿਹਾ ਬਣਨ ਦੀ ਇੱਛਾ ਜਾਗਦੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ’ਤੇ 100 ਤੋਂ ਵੱਧ ਪਰਚੇ ਦਰਜਨ ਹਨ ਤੇ ਇਨ੍ਹਾਂ ਪਰਚਿਆਂ ਦੇ ਸਿਰ ’ਤੇ ਹੀ ਉਹ ਖ਼ੁਦ ਨੂੰ ਖਤਰਨਾਕ ਦੱਸਦਾ ਹੋਇਆ ਫਿਰੌਤੀਆਂ ਮੰਗਣ ਦਾ ਧੰਦਾ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਨ੍ਹਾਂ ਗੈਂਗਸਟਰਾਂ ਨੂੰ ਵੀ ਆਮ ਕੈਦੀਆਂ ਵਾਂਗ ਹੀ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ਵਿੱਚ ਕੈਦ ਹੋਣ ਦੇ ਬਾਵਜੂਦ ਬਾਹਰ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਸੀ।

Add a Comment

Your email address will not be published. Required fields are marked *