‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਨਾਅਰਾ ਹੁਣ ‘ਬੇਟੀ ਬੀਜੇਪੀ ਕੇ ਨੇਤਾਓਂ ਸੇ ਬਚਾਓ’ ਹੋਇਆ: ਕਾਂਗਰਸ
ਨਵੀਂ ਦਿੱਲੀ, 31 ਮਈ-: ਕਾਂਗਰਸ ਨੇ ਪਹਿਲਵਾਨਾਂ ਦੇ ਮੁੱਦੇ ’ਤੇ ਭਾਜਪਾ ਉਪਰ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਉਸ ਦਾ ਨਾਅਰਾ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਅਰਥ ਹੁਣ ‘ਬੇਟੀ ਬੀਜੇਪੀ ਕੇ ਨੇਤਾਓਂ ਸੇ ਬਚਾਓ’ ਹੋ ਗਿਆ ਹੈ। ਪਹਿਲਵਾਨਾਂ ਨੂੰ ਆਪਣੇ ਮੈਡਲ ਗੰਗਾ ’ਚ ਪ੍ਰਵਾਹ ਕਰਨ ਤੋਂ ਰੋਕਣ ਦੀ ਅਪੀਲ ਨਾ ਕਰਨ ਲਈ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਆਲੋਚਨਾ ਕੀਤੀ। ਕਾਂਗਰਸ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ,‘‘ਇਹ ਤਗਮੇ ਉਨ੍ਹਾਂ ਦੀ ਜ਼ਿੰਦਗੀ ਹਨ। ਉਹ ਆਪਣੇ ਸੰਘਰਸ਼ ਰਾਹੀਂ ਪੂਰੀ ਜਾਨ ਲਗਾ ਦਿੰਦੇ ਹਨ। ਇਹ ਕਿਹੋ ਜਿਹੀ ਬੇਰਹਿਮ ਸਰਕਾਰ ਹੈ। ਅਸੀਂ ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਪਹਿਲਵਾਨਾਂ ਨੂੰ ਆਪਣੇ ਤਗਮੇ ਪ੍ਰਵਾਹ ਕਰਨ ਤੋਂ ਰੋਕਣ ਦੀ ਅਪੀਲ ਕਿਉਂ ਨਹੀਂ ਕੀਤੀ।’’ ਹਰਿਆਣਾ ਦੇ ਕਾਂਗਰਸ ਆਗੂ ਨੇ ਕਿਹਾ ਕਿ ਜਦੋਂ ਇਹੋ ਖਿਡਾਰੀ ਤਗਮੇ ਜਿੱਤ ਕੇ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਅਤੇ ਮੰਤਰੀ ਉਨ੍ਹਾਂ ਨਾਲ ਤਸਵੀਰਾਂ ਲੈਣ ਲਈ ਕਤਾਰਾਂ ’ਚ ਖੜ੍ਹੇ ਹੋ ਜਾਂਦੇ ਹਨ ਪਰ ਉਨ੍ਹਾਂ ਤੋਂ ਇਕ ਅਪੀਲ ਤੱਕ ਨਹੀਂ ਕੀਤੀ ਜਾ ਸਕੀ। ‘ਇਸ ਤੋਂ ਇਹ ਸੁਨੇਹਾ ਗਿਆ ਹੈ ਕਿ ਉਹ ਨਾ ਸਿਰਫ਼ ਖਿਡਾਰੀ ਸਗੋਂ ਮੈਡਲ ਵਿਰੋਧੀ ਵੀ ਹਨ।’ ਹੁੱਡਾ ਨੇ ਕਿਹਾ ਕਿ ਸਰਕਾਰ ਸਾਂਝੇ ਸਿਵਲ ਕੋਡ ਦੀ ਗੱਲ ਕਰਦੀ ਹੈ ਪਰ ਕੀ ਇਹ ਭਾਜਪਾ ਆਗੂਆਂ ’ਤੇ ਲਾਗੂ ਨਹੀਂ ਹੋਵੇਗਾ ਜਾਂ ਫਿਰ ਉਨ੍ਹਾਂ ਲਈ ਕੋਈ ਵੱਖਰਾ ਕਾਨੂੰਨ ਹੋਵੇਗਾ। ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਧੀਆਂ ਲਈ ਨਿਆਂ ਸਬੰਧੀ ਮੁੱਦੇ ’ਚ ਜਾਤ, ਧਰਮ ਅਤੇ ਖੇਤਰਵਾਦ ਨੂੰ ਲਿਆ ਰਹੀ ਹੈ। ਸਰਕਾਰ ਦੀ ਨਿਖੇਧੀ ਕਰਦਿਆਂ ਹੁੱਡਾ ਨੇ ਕਿਹਾ,‘‘ਜੇਕਰ ਕੋਈ ਲੜਕੀ ਇਨਸਾਫ਼ ਮੰਗਦੀ ਹੈ ਤਾਂ ਉਸ ਨੂੰ ਨਿਆਂ ਦਿਵਾਉਣਾ ਰਾਜ ਧਰਮ ਹੁੰਦਾ ਹੈ। ਜਦੋਂ ਸੰਸਦ ਦਾ ਉਦਘਾਟਨ ਹੋ ਰਿਹਾ ਸੀ ਤਾਂ ਜਿਸ ਢੰਗ ਨਾਲ ਮਹਿਲਾ ਪਹਿਲਵਾਨਾਂ ਅਤੇ ਹੋਰਾਂ ਨੂੰ ਧੂਹਿਆ ਗਿਆ, ਉਹ ਸਾਰਿਆਂ ਨੇ ਦੇਖਿਆ ਹੈ। ਖਿਡਾਰੀਆਂ ਨਾਲ ਇੰਨੀ ਨਫ਼ਰਤ ਕਿਉਂ ਹੈ।’’ ਕਾਂਗਰਸ ਆਗੂ ਅਤੇ ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਨੇ 1966 ਵਾਲੀ ਘਟਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਉੱਘੇ ਮੁੱਕੇਬਾਜ਼ ਮੁਹੰਮਦ ਅਲੀ ਨੇ ਅਮਰੀਕਾ ’ਚ ਨਸਲੀ ਵਿਤਕਰੇ ਦੇ ਵਿਰੋਧ ’ਚ ਆਪਣਾ ਓਲੰਪਿਕ ਸੋਨ ਤਗਮਾ ਓਹਾਈਓ ਦਰਿਆ ’ਚ ਸੁੱਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਵੇਂ ਉਸ ਸਮੇਂ ਮੁਹੰਮਦ ਅਲੀ ਨਾਲ ਲੋਕ ਜੁੜੇ ਸਨ, ਉਸੇ ਤਰ੍ਹਾਂ ਨਿਆਂ ਲਈ ਲੜ ਰਹੀਆਂ ਦੇਸ਼ ਦੀਆਂ ਧੀਆਂ ਨੂੰ ਹੁਣ ਹਮਾਇਤ ਦਿੱਤੀ ਜਾਣੀ ਚਾਹੀਦੀ ਹੈ।

