ਲੋਕਤੰਤਰ ਇਮਾਰਤਾਂ ’ਚੋਂ ਨਹੀਂ ਲੋਕਾਂ ਦੀ ਆਵਾਜ਼ ਨਾਲ ਚੱਲਦਾ ਹੈ: ਕਾਂਗਰਸ

ਨਵੀਂ ਦਿੱਲੀ:ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇੱਕ ਅਜਿਹੇ ‘ਆਪਣੀ ਹੀ ਵਡਿਆਈ ਕਰਨ ਵਾਲੇ ਤਾਨਾਸ਼ਾਹ ਪ੍ਰਧਾਨ ਮੰਤਰੀ’ ਨੇ ਇਹ ਉਦਘਾਟਨ ਕੀਤਾ ਹੈ ਜਿਸ ਨੂੰ ਸੰਸਦੀ ਰਵਾਇਤਾਂ ਤੋਂ ਨਫਰਤ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਲੋਕਤੰਤਰ ਇਮਾਰਤਾਂ ’ਚੋਂ ਨਹੀਂ ਲੋਕਾਂ ਦੀ ਆਵਾਜ਼ ਨਾਲ ਚੱਲਦਾ ਹੈ। ਉਨ੍ਹਾਂ ਪਹਿਲਵਾਨਾਂ ਨੂੰ ਜਬਰੀ ਚੁੱਕਣ ਤੇ ਉਨ੍ਹਾਂ ਨਾਲ ਖਿੱਚ ਧੂਹ ਕਰਨ ’ਤੇ ਵੀ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਟਵੀਟ ਕੀਤਾ, ‘ਰਾਸ਼ਟਰਪਤੀ ਤੋਂ ਸੰਸਦ ਦੇ ਉਦਘਾਟਨ ਦਾ ਹੱਕ ਖੋਹ ਲਿਆ ਗਿਆ। ਤਾਨਾਸ਼ਾਹੀ ਤਾਕਤ ਨਾਲ ਮਹਿਲਾ ਖਿਡਾਰੀਆਂ ਨੂੰ ਸੜਕਾਂ ’ਤੇ ਕੁੱਟਿਆ ਗਿਆ। ਭਾਜਪਾ-ਆਰਐੱਸਐੱਸ ਦੇ ਤਿੰਨ ਝੂਠ ਲੋਕਤੰਤਰ, ਰਾਸ਼ਟਰਵਾਦ ਤੇ ਬੇਟੀ ਬਚਾਓ ਦਾ ਸੱਚ ਦੇਸ਼ ਦੇ ਸਾਹਮਣੇ ਆ ਗਿਆ ਹੈ।’ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਸੰਸਦ ਲੋਕਾਂ ਦੀ ਆਵਾਜ਼ ਹੈ ਪਰ ਪ੍ਰਧਾਨ ਮੰਤਰੀ ਨਵੀਂ ਇਮਾਰਤ ਦੇ ਉਦਘਾਟਨ ਦਾ ਸਮਾਗਮ ਆਪਣੇ ‘ਰਾਜ ਤਿਲਕ’ ਦੀ ਤਰ੍ਹਾਂ ਕਰ ਰਹੇ ਹਨ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਅੱਜ 28 ਮਈ ਦੇ ਦਿਨ: ਨਹਿਰੂ, ਜਿਨ੍ਹਾਂ ਭਾਰਤ ’ਚ ਸੰਸਦੀ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਧ ਕੰਮ ਕੀਤਾ, ਉਨ੍ਹਾਂ ਦਾ 1964 ’ਚ ਸਸਕਾਰ ਕੀਤਾ ਗਿਆ ਸੀ। ਸਾਵਰਕਰ ਜਿਸ ਦੀ ਵਿਚਾਰਧਾਰਾ ਨੇ ਅਜਿਹਾ ਮਾਹੌਲ ਬਣਾਇਆ ਜੋ ਮਹਾਤਮਾ ਗਾਂਧੀ ਦੀ ਹੱਤਿਆ ਦਾ ਕਾਰਨ ਬਣਿਆ, ਦਾ ਜਨਮ (ਅੱਜ ਹੀ ਦੇ ਦਿਨ) 1883 ’ਚ ਹੋਇਆ ਸੀ।’ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜੋ ਇਸ ਅਹੁਦੇ ’ਤੇ ਬੈਠਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੈ, ਨੂੰ ਵੀ ਆਪਣੇ ਸੰਵਿਧਾਨਕ ਫਰਜ਼ ਨਹੀਂ ਨਿਭਾਉਣ ਦਿੱਤੇ ਜਾ ਰਹੇ। ਜੈਰਾਮ ਰਮੇਸ਼ ਨੇ ਦੋਸ਼ ਲਾਇਆ, ‘ਆਪਣੀਆਂ ਹੀ ਸਿਫਤਾਂ ਕਰਨ ਵਾਲੇ ਪ੍ਰਧਾਨ ਮੰਤਰੀ, ਜਿਸ ਨੂੰ ਸੰਸਦੀ ਪ੍ਰਕਿਰਿਆਵਾਂ ਤੋਂ ਨਫਰਤ ਹੈ, ਜੋ ਸੰਸਦ ’ਚ ਘੱਟ ਹੀ ਹਾਜ਼ਰ ਰਹਿੰਦੇ ਹਨ ਜਾਂ ਕਾਰਵਾਈਆਂ ’ਚ ਘੱਟ ਹੀ ਭਾਗ ਲੈਂਦੇ ਹਨ, ਉਹ 2023 ’ਚ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਹਨ।’ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਟਵੀਟ ਕੀਤਾ ਕਿ ਜਦੋਂ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ ਉਦੋਂ ਤਤਕਾਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਦੂਰ ਰੱਖਿਆ ਗਿਆ। ਹੁਣ ਸੰਸਦ ਭਵਨ ਦੀ ਇਮਾਰਤ ਦੇ ਉਦਘਾਟਨ ਮੌਕੇ ਮੌਜੂਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਟਵੀਟ ਕੀਤਾ, ‘ਭਾਰਤ ਦਾ ਮਤਲਬ ਸੀ ਰਾਸ਼ਟਰ ਤੇ ਨਾਗਰਿਕ ਜਦਕਿ ਨਵੇਂ ਭਾਰਤ ਦਾ ਅਰਥ ਰਾਜਾ ਤੇ ਪਰਜਾ ਹੋ ਗਿਆ ਹੈ।’ ਸੀਪੀਆਈ ਦੇ ਸੰਸਦ ਮੈਂਬਰ ਵਿਨੈ ਵਿਸ਼ਵਮ ਨੇ ਕਿਹਾ ਕਿ  ਫਾਸ਼ੀਵਾਦੀ ਤਾਨਾਸ਼ਾਹੀ ਆਪਣੇ ਰਾਹ ’ਤੇ ਅੱਗੇ ਵੱਧ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਨੇ ਸਰਕਾਰ ’ਤੇ ਪਿਛਲੇ ਨੌਂ ਸਾਲ ਸਦਨ ਦਾ ਮਜ਼ਾਕ ਬਣਾਉਣ ਤੇ ਉਸ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।

Add a Comment

Your email address will not be published. Required fields are marked *