ਅਧਿਆਪਕ ਨੇ ਖੋਹਿਆ ਮੋਬਾਇਲ ਤਾਂ ਗੁੱਸੇ ਨਾਲ ਭੜਕ ਉੱਠੀ ਵਿਦਿਆਰਥਣ

ਦੱਖਣੀ ਅਮਰੀਕਾ ਦੇ ਦੇਸ਼ ਗੁਆਨਾ ਤੋਂ ਇਕ ਬਹੁਤ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਆਪਣੇ ਹੀ ਸਕੂਲ ਦੇ ਹੋਸਟਲ ਨੂੰ ਅੱਗ ਲਗਾ ਦਿੱਤੀ। ਵਿਦਿਆਰਥਣ ਵੱਲੋਂ ਲਗਾਈ ਅੱਗ ਵਿੱਚ ਹੋਸਟਲ ਸੜਨ ਲੱਗਾ ਤੇ ਕੁਝ ਹੀ ਸਮੇਂ ਵਿੱਚ ਸੜ ਕੇ ਖੰਡਰ ‘ਚ ਤਬਦੀਲ ਹੋ ਗਿਆ। ਵਿਦਿਆਰਥਣ ਦੀ ਇਸ ਹਰਕਤ ਕਾਰਨ ਨਾ ਸਿਰਫ਼ ਹੋਸਟਲ ਸੜ ਗਿਆ, ਸਗੋਂ ਸਕੂਲ ਵਿੱਚ ਪੜ੍ਹਦੇ ਬੱਚਿਆਂ ਅਤੇ ਸਟਾਫ਼ ਸਮੇਤ ਕੁਲ 20 ਨਿਰਦੋਸ਼ ਲੋਕ ਅੱਗ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਇਸ ਖੌਫਨਾਕ ਘਟਨਾ ‘ਚ ਦੋਸ਼ੀ ਵਿਦਿਆਰਥਣ ਸਮੇਤ 10 ਲੋਕ ਵੀ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਹਸਪਤਾਲ ‘ਚ ਜ਼ੇਰੇ ਇਲਾਜ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਵਿਦਿਆਰਥਣ ਨੂੰ ਪੁਲਸ ਨੇ ਹਸਪਤਾਲ ‘ਚੋਂ ਹੀ ਹਿਰਾਸਤ ‘ਚ ਲੈ ਲਿਆ ਹੈ। ਜਿਸ ਨੇ ਵੀ ਇਹ ਗੱਲ ਸੁਣੀ, ਉਸ ਦੀ ਰੂਹ ਕੰਬ ਗਈ। ਇਸ ਤੋਂ ਪਹਿਲਾਂ ਕਿ ਤੁਸੀਂ ਲੜਕੀ ਦੇ ਪਾਗਲਪਨ ਦਾ ਅੰਦਾਜ਼ਾ ਲਗਾਓ, ਦੱਸ ਦੇਈਏ ਕਿ ਨਾਬਾਲਗ ਵਿਦਿਆਰਥਣ ਦੀ ਉਮਰ ਸਿਰਫ 14 ਸਾਲ ਹੈ।

ਡੇਲੀ ਮੇਲ ‘ਚ ਛਪੀ ਖ਼ਬਰ ਮੁਤਾਬਕ ਗੁਆਨਾ ਦੇ ਇਕ ਸਕੂਲ ਦੇ ਲੜਕੀਆਂ ਦੇ ਹੋਸਟਲ ‘ਚ ਸੋਮਵਾਰ ਰਾਤ ਨੂੰ ਅੱਗ ਲੱਗ ਗਈ। ਕੁਝ ਹੀ ਪਲਾਂ ਵਿੱਚ ਅੱਗ ਨੇ ਹੋਸਟਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਿਆਨਕ ਅੱਗ ਦੀ ਲਪੇਟ ‘ਚ ਕਈ ਵਿਦਿਆਰਥਣਾਂ ਅਤੇ ਸਟਾਫ਼ ਫਸ ਗਏ। ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਬੁਲਾਇਆ ਗਿਆ ਪਰ ਜਦੋਂ ਤੱਕ ਟੀਮ ਅੱਗ ਬੁਝਾ ਸਕੀ, ਉਦੋਂ ਤੱਕ ਅੱਗ ਦੀ ਲਪੇਟ ਵਿੱਚ ਆ ਕੇ 20 ਲੋਕਾਂ ਦੀ ਮੌਤ ਹੋ ਚੁੱਕੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੋਸਟਲ ਨੂੰ ਅੱਗ ਲਾਉਣ ਵਾਲੀ ਲੜਕੀ ਵੀ ਇਸ ਘਟਨਾ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।

ਇਸ ਸਾਰੀ ਘਟਨਾ ਦੀ ਜੜ੍ਹ ਇਕ ਮੋਬਾਇਲ ਹੈ। ਲੜਕੀ ਸਕੂਲ ‘ਚ ਆਪਣਾ ਮੋਬਾਇਲ ਨਾਲ ਲੈ ਕੇ ਆਈ ਸੀ। ਅਧਿਆਪਕ ਵੱਲੋਂ ਉਸ ਦਾ ਮੋਬਾਇਲ ਜ਼ਬਤ ਕਰ ਲਿਆ ਗਿਆ ਸੀ। ਇਸ ਕਾਰਨ ਵਿਦਿਆਰਥਣ ਨੂੰ ਗੁੱਸਾ ਆ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਜ਼ਖ਼ਮੀ ਵਿਦਿਆਰਥਣ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ 9 ਹੋਰ ਲੋਕਾਂ ਦਾ ਇਲਾਜ ਵੀ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜ਼ਿਆਦਾਤਰ ਬੱਚਿਆਂ ਦੀ ਉਮਰ 12 ਤੋਂ 18 ਸਾਲ ਦੇ ਵਿਚਕਾਰ ਹੈ।

Add a Comment

Your email address will not be published. Required fields are marked *