ਕੈਨੇਡਾ ’ਚ ਸਿਰਫਿਰੇ ਨੇ ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ

ਟੋਰਾਂਟੋ : ਕੈਨੇਡਾ ਵਿਖੇ ਟੋਰਾਂਟੋ ਇਕ ਸਿਰਫਿਰੇ ਨੇ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ ਵਿਚੋਂ ਦੋ ਦਮ ਤੋੜ ਗਏ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਡਾਊਨ ਟਾਊਨ ਦੇ ਇਕ ਘਰ ਵਿਚ ਸ਼ੁਰੂ ਹੋਇਆ ਝਗੜਾ ਸੜਕ ਤੱਕ ਆ ਗਿਆ ਅਤੇ ਦਿਨ-ਦਿਹਾੜੇ ਗੋਲੀਆਂ ਚੱਲ ਗਈਆਂ। ਦੂਜੇ ਪਾਸੇ ਸ਼ੱਕੀ ਦੀ ਗ੍ਰਿਫ਼ਤਾਰੀ ਦੌਰਾਨ 2 ਪੁਲਸ ਅਫਸਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਰੀਜੈਂਟ ਪਾਰਕ ਵਿਖੇ ਵਾਰਦਾਤ ਦੀ ਇਤਲਾਹ ਮਿਲਣ ’ਤੇ ਪੁੱਜੇ ਪੁਲਸ ਅਫਸਰਾਂ ਨੂੰ ਇਕ ਔਰਤ ਸਣੇ ਤਿੰਨ ਜਣੇ ਜ਼ਖਮੀ ਹਾਲਤ ਵਿਚ ਮਿਲੇ, ਜਿਨ੍ਹਾਂ ਵਿਚੋਂ ਇਕ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਦੂਜਾ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਔਰਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਡਿਟੈਕਟਿਵ ਸਾਰਜੈਂਟ ਟਿਫਨੀ ਕਸਟੈਲ ਨੇ ਦੱਸਿਆ ਕਿ ਸ਼ੱਕੀ ਦੀ ਗ੍ਰਿਫ਼ਤਾਰੀ ਦੌਰਾਨ ਜ਼ਖਮੀ ਹੋਏ ਪੁਲਸ ਅਫਸਰਾਂ ਵਿਚੋਂ ਇਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਸ਼ੱਕੀ ਵੱਲੋਂ ਵਰਤਿਆ ਹਥਿਆਰ ਬਰਾਮਦ ਹੋ ਗਿਆ ਹੈ। ਪੁਲਸ ਨੇ ਮਰਨ ਵਾਲਿਆਂ ਨਾਲ ਸ਼ੱਕੀ ਦੇ ਰਿਸ਼ਤੇ ਬਾਰੇ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਜਾਣਕਾਰੀ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ। ਪੁਲਸ ਮੁਤਾਬਕ ਆਰਨੌਲਡ ਸਟ੍ਰੀਟ ਦੇ ਇਕ ਘਰ ਵਿਚ ਆਰੰਭ ਹੋਇਆ ਘਟਨਾਕ੍ਰਮ ਸੜਕ ਤੱਕ ਕਿਵੇਂ ਪੁੱਜਾ ਅਤੇ ਗੋਲੀਆਂ ਕਿਉਂ ਚੱਲੀਆਂ ਇਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਚੰਗੀ ਗੱਲ ਇਹ ਰਹੀ ਕਿ ਦਿਨ ਦਿਹਾੜੇ ਗੋਲੀਬਾਰੀ ਦੌਰਾਨ ਕੋਈ ਹੋਰ ਇਸ ਦਾ ਨਿਸ਼ਾਨਾ ਨਹੀਂ ਬਣਿਆ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਨੇ ਇਕ ਬਿਆਨ ਜਾਰੀ ਕਰਦਿਆਂ ਗੋਲੀਬਾਰੀ ਦੌਰਾਨ ਹੋਈਆਂ ਮੌਤਾਂ ’ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਪੁਲਸ ਮੁਖੀ ਨਾਲ ਗੱਲਬਾਤ ਕਰ ਕੇ ਵਾਰਦਾਤ ਦੀ ਵਿਸਤਾਰਤ ਜਾਣਕਾਰੀ ਹਾਸਲ ਕੀਤੀ ਗਈ ਹੈ। ਮੇਅਰ ਵੱਲੋਂ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ।

ਪਿਛਲੇ ਦੋ ਸਾਲ ਵਿਚ ਪਹਿਲੀ ਵਾਰ ਰੀਜੈਂਟ ਪਾਰਕ ਵਿਖੇ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ ਅਤੇ ਲੋਕਾਂ ਅੰਦਰ ਡਰ ਪੈਦਾ ਹੋਣਾ ਲਾਜ਼ਮੀ ਹੈ। ਵਾਰਦਾਤ ਦੇ ਮੱਦੇਨਜ਼ਰ ਡੰਡਾਸ ਸਟ੍ਰੀਟ ਈਸਟ ਨੂੰ ਪਾਰਲੀਮੈਂਟ ਸਟ੍ਰੀਟ ਤੋਂ ਸੈਕਵਿਲ ਸਟ੍ਰੀਟਸ ਦਰਮਿਆਨ ਬੰਦ ਰੱਖਿਆ ਗਿਆ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 7400 ’ਤੇ ਸੰਪਰਕ ਕਰ ਸਕਦਾ ਹੈ।

Add a Comment

Your email address will not be published. Required fields are marked *