ATM ‘ਚੋਂ ਪੈਸੇ ਕਢਵਾਉਣ ਆਏ ਲੋਕਾਂ ਨਾਲ ਕਰ ਜਾਂਦਾ ਸੀ ਵੱਡਾ ਕਾਂਡ

ਲੁਧਿਆਣਾ : ਏਟੀਐੱਮ ਮਸ਼ੀਨ ‘ਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਦੇ ਏਟੀਐੱਮ ਕਾਰਡ ਬਦਲ ਕੇ ਉਨ੍ਹਾਂ ਦੇ ਖਾਤੇ ‘ਚੋਂ ਪੈਸੇ ਕਢਵਾਉਣ ਵਾਲੇ ਨੌਸਰਬਾਜ਼ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਪੁਲਸ ਨੇ ਆਰੋਪੀ ਕੋਲੋਂ ਵੱਖ-ਵੱਖ ਬੈਂਕਾਂ ਦੇ ਕਰੀਬ 3 ਦਰਜਨ ਏਟੀਐੱਮ ਕਾਰਡ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਰਜਿੰਦਰ ਕੁਮਾਰ ਰਾਜ ਵਾਸੀ ਗੋਬਿੰਦਸਰ ਨਗਰ ਡਾਬਾ ਰੋਡ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਚੋਰੀ ਅਤੇ ਧੋਖਾਧੜੀ ਦਾ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਪੁਲਸ ਨੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਏ.ਡੀ.ਸੀ.ਪੀ.-4 ਤੁਸ਼ਾਰ ਗੁਪਤਾ ਨੇ ਦੱਸਿਆ ਕਿ ਰਜਿੰਦਰ ਕੁਮਾਰ ਉਰਫ ਰਾਜ ਨੂੰ ਥਾਣਾ ਫੋਕਲ ਪੁਆਇੰਟ ਦੀ ਜੀਵਨ ਨਗਰ ਪੁਲਸ ਨੇ ਬੁੱਧਵਾਰ ਦੁਪਹਿਰ ਲੋਕਾਂ ਦੀ ਮਦਦ ਨਾਲ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਸਥਿਤ ਚੰਡੀਗੜ੍ਹ ਰੋਡ ‘ਤੇ ਸਥਿਤ ਐੱਸਬੀਆਈ ਬੈਂਕ ਦੇ ਏਟੀਐੱਮ ‘ਚੋਂ ਪੈਸੇ ਕਢਵਾਉਣ ਆਏ ਜੀਵਨ ਨਗਰ ਗੁਰਬਾਗ ਕਾਲੋਨੀ ਦੇ ਰਹਿਣ ਵਾਲੇ ਰਾਜਾ ਬਾਬੂ ਤੋਂ ਏਟੀਐੱਮ ਕੈਬਿਨ ‘ਚੋਂ ਕਾਰਡ ਬਦਲ ਕੇ ਉਸ ਨੂੰ ਦੂਜਾ ਕਾਰਡ ਦੇ ਕੇ ਭੱਜਣ ਲੱਗਾ ਸੀ। ਇਸ ਦੌਰਾਨ ਉੱਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ।

ਪੁਲਸ ਨੇ ਜਦੋਂ ਉਕਤ ਮੁਲਜ਼ਮ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਪਿਛਲੇ 8 ਮਹੀਨਿਆਂ ‘ਚ ਡੇਢ ਦਰਜਨ ਦੇ ਕਰੀਬ ਲੋਕਾਂ ਨਾਲ ਠੱਗੀ ਮਾਰਨ ਦੀ ਗੱਲ ਕਬੂਲੀ। ਮੁਲਜ਼ਮ ਕੋਲੋਂ ਪੁਲਸ ਨੇ 34 ਦੇ ਕਰੀਬ ਵੱਖ-ਵੱਖ ਬੈਂਕਾਂ ਦੇ ਏਟੀਐੱਮ ਕਾਰਡ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮ ਕੋਲੋਂ 16 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਆਈਪੀਐੱਸ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਸ਼ਹਿਰ ਦੇ ਕਈ ਥਾਣਿਆਂ ਵਿੱਚ ਚੋਰੀ ਅਤੇ ਧੋਖਾਧੜੀ ਦੇ 4 ਕੇਸ ਦਰਜ ਹਨ ਅਤੇ ਮੁਲਜ਼ਮ ਜ਼ਮਾਨਤ ’ਤੇ ਜੇਲ੍ਹ ‘ਚੋਂ ਰਿਹਾਅ ਹੋ ਚੁੱਕਾ ਹੈ। ਮੁਲਜ਼ਮ ਜਲਦੀ ਅਮੀਰ ਹੋਣ ਲਈ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

Add a Comment

Your email address will not be published. Required fields are marked *