ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਲਗਾਤਾਰ ਪੰਥਕ ਤੇ ਵੱਡੇ ਚਿਹਰੇ ਖੋਹ ਰਹੀ ਭਾਜਪਾ

ਪਟਿਆਲਾ : ਭਾਰਤੀ ਜਨਤਾ ਪਾਰਟੀ ਕਈ ਦਹਾਕੇ ਆਪਣੀ ਭਾਗੀਦਾਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਲੀ ਪੰਥਕ ਚਿਹਰੇ ਖੋਹ ਰਹੀ ਹੈ, ਜਿਸ ਨੇ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਅੰਦਰ ਵੀ ਭਾਜਪਾ ਪ੍ਰਤੀ ਪਾਜ਼ੇਟਿਵ ਚਰਚਾ ਛੇੜ ਦਿੱਤੀ ਹੈ। ਭਾਜਪਾ ਵੱਲੋਂ ਜਿੱਥੇ ਹਾਲ ਹੀ ’ਚ ਆਈਆਂ ਲਿਸਟਾਂ ’ਚ ਸੂਬੇ ਦੇ ਕਈ ਨਾਮਵਰ ਸਿੱਖ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ, ਉੱਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਇੰਜੀ. ਕੰਵਰਵੀਰ ਸਿੰਘ ਟੌਹੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪ ਕੇ ਸਿੱਧੇ ਤੌਰ ’ਤੇ ਛੱਕਾ ਮਾਰਿਆ ਹੈ, ਜਿਸ ਨੇ ਪੂਰੇ ਸੂਬੇ ਅੰਦਰ ਨਵੀਂ ਰਾਜਸੀ ਚਰਚਾ ਛੇੜ ਦਿੱਤੀ ਹੈ। ਇਹ ਨਿਯੁਕਤੀ ਅਕਾਲੀ ਦਲ ਦੇ ਮੂੰਹ ’ਤੇ ਚਪੇੜ ਸਾਬਿਤ ਹੋ ਰਹੀ ਹੈ। ਕਿਸੇ ਸਮੇਂ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਚਲਾਉਂਦੇ ਸਨ। ਇੰਝ ਕਹਿ ਲਵੋ ਕਿ ਅਕਾਲੀ ਦਲ ਦੀਆਂ ਸਰਕਾਰਾਂ ’ਚ ਜਾਂ ਐੱਸ. ਜੀ. ਪੀ. ਸੀ. ’ਚ ਕੋਈ ਵੀ ਫੈਸਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਸੀ ਹੁੰਦਾ। 27 ਸਾਲ ਤੋਂ ਵਧ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਕੁਝ ਸਮਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੂਰੀਆਂ ਵੀ ਰਹੀਆਂ ਪਰ ਜਾਣ ਤੋਂ ਪਹਿਲਾਂ ਇਹ ਦੂਰੀਆਂ ਫਿਰ ਨਜ਼ਦੀਕੀਆਂ ’ਚ ਬਦਲ ਗਈਆਂ ਸਨ। ਪੰਜਾਬ ਅਤੇ ਪੰਜਾਬੀਅਤ ਦੇ ਹਰ ਘਰ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕੀਤਾ ਜਾਂਦਾ ਹੈ ਪਰ ਅਕਾਲੀ ਦਲ ਨੇ ਇਸ ਪੰਥਕ ਅਤੇ ਟਕਸਾਲੀ ਪਰਿਵਾਰ ਦਾ ਜੋ ਹਾਲ ਕੀਤਾ, ਉਹ ਕਿਸੇ ਤੋਂ ਵੀ ਛੁਪਿਆ ਨਹੀਂ ਹੈ।

ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚਲਾਉਂਦੇ ਰਹੇ, ਉਸ ਪਰਿਵਾਰ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਿਧਾਨ ਸਭਾ ਟਿਕਟ ਵੀ ਨਾ ਦਿੱਤੀ। ਇਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਨਜ਼ਦੀਕੀਆਂ ਨੂੰ ਪੂਰੀ ਸਕੀਮ ਤਹਿਤ ਖੁੱਡੇ ਲਾਈਨ ਲਗਾਇਆ ਗਿਆ। ਜਥੇਦਾਰ ਟੌਹੜਾ ਦੇ ਜਵਾਈ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਪਰਿਵਾਰ 2017 ’ਚ ਅਕਾਲੀ ਦਲ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ’ਚ ਚਲਾ ਗਿਆ ਸੀ। ਉਸ ਤੋਂ ਬਾਅਦ ਫਿਰ ਅਕਾਲੀ ਦਲ ਨੇ ਆਪਣੇ ਪਰਦੇ ਢਕਣ ਲਈ ਇਸ ਪੰਥਕ ਪਰਿਵਾਰ ਦੀ ਵਾਪਸੀ ਕਰਵਾਈ। ਇਨ੍ਹਾਂ ਨਾਲ ਟਿਕਟ ਦੇ ਵਾਅਦੇ ਅਤੇ ਹੋਰ ਮਾਣ-ਸਨਮਾਨ ਦੇ ਵਾਅਦੇ ਵੀ ਕੀਤੇ ਪਰ ਇਨ੍ਹਾਂ ਵਾਅਦਿਆਂ ਨੂੰ ਅਮਲੀ ਜਾਮਾ ਨਾ ਪਹਿਨਾਇਆ।

‘ਪੰਥ ਵਸੇ ਮੈਂ ਉਜੜਾਂ’ ਦਾ ਨਾਅਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੱਡੇ ਦੋਹਤਰੇ ਹਰਿੰਦਰਪਾਲ ਸਿੰਘ ਟੌਹੜਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ ਤੇ ਸਿਰਫ਼ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੀ ਦਿਹਾਤੀ ਪ੍ਰਧਾਨਗੀ ਵੀ ਨਾ ਦਿੱਤੀ। ਇਹ ਗੁਰਸਿੱਖ ਨੌਜਵਾਨ ਜ਼ਿਲ੍ਹਾ ਪਟਿਆਲਾ ਦੇ ਕਈ ਵੱਡੇ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਚੱਕਰ ਕੱਟਦਾ ਰਿਹਾ। ਹੈਰਾਨੀ ਹੈ ਕਿ ਜਿਸ ਪਰਿਵਾਰ ਤੋਂ ਸਾਰਾ ਪੰਜਾਬ ਚੱਲਦਾ ਸੀ, ਜਿਸ ਟੌਹੜਾ ਪਿੰਡ ਵਿਖੇ ਸਵੇਰੇ 4 ਵਜੇ ਤੋਂ ਸੂਬੇ ਦੇ ਨਾਲ-ਨਾਲ ਦੇਸ਼ ਦੇ ਵੱਡੇ ਨੇਤਾ ਤੇ ਸੀਨੀਅਰ ਬਿਊਰੋਕ੍ਰੇਸੀ ਦੀਆਂ ਗੱਡੀਆਂ ਲਾਈਨਾਂ ’ਚ ਲੱਗ ਸਕਦੀਆਂ ਸਨ, ਉਸ ਪਰਿਵਾਰ ਦੇ ਵਾਰਿਸ ਨੂੰ ਇਕ ਜ਼ਿਲ੍ਹੇ ਦੀ ਛੋਟੀ ਜਿਹੀ ਪ੍ਰਧਾਨਗੀ ਵੀ ਨਸੀਬ ਨਾ ਹੋਈ। ਇਸ ਤੋਂ ਵਧ ਇਸ ਪਰਿਵਾਰ ਦੀ ਹੋਰ ਜਲੀਲਤਾ ਕੀ ਹੋ ਸਕਦੀ ਹੈ। ਇਸ ਕਾਰਨ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਪਣੀ ਸੀਨੀਅਰ ਮੀਤ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ। ਪਰਿਵਾਰ ’ਚ ਅਕਾਲੀ ਦਲ ਪ੍ਰਤੀ ਵੱਡੇ ਗਿਲੇ ਸ਼ਿਕਵੇ ਹਨ, ਜਿਨ੍ਹਾਂ ਨੂੰ ਦੂਰ ਕਰਨ ’ਚ ਅਕਾਲੀ ਦਲ ਅਸਫਲ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਹੀ ਇਸ ਟੌਹੜਾ ਪਰਿਵਾਰ ਨੂੰ ਅਕਾਲੀ ਦਲ ਨੇ ਕੋਈ ਵੀ ਵਿਧਾਨ ਸਭਾ ਦੀ ਟਿਕਟ ਨਾ ਦਿੱਤੀ। ਇੱਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਸਕੇ ਟਕਸਾਲੀ ਮੁਖਮੈਲਪੁਰ ਪਰਿਵਾਰ ਦੀ ਟਿਕਟ ਵੀ ਕੱਟ ਦਿੱਤੀ ਗਈ।

ਆਖਿਰ ਅਕਾਲੀ ਦਲ ਦੇ ਇਸ ਟਕਸਾਲੀ ਪਰਿਵਾਰ ਪ੍ਰਤੀ ਵੱਡੀ ਬੇਰੁਖੀ ਕਾਰਨ ਰੋਜ਼-ਰੋਜ਼ ਜਲੀਲ ਹੁੰਦੇ ਦੇਖ ਇਸ ਪੰਥਕ ਪਰਿਵਾਰ ਦੇ ਦੂਸਰੇ ਵਾਰਿਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ 2022 ਦੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਇਸ ਨੌਜਵਾਨ ਨੂੰ ਭਾਜਪਾ ਨੇ ਹਲਕਾ ਅਮਲੋਹ ਤੋਂ ਉਸੇ ਸਮੇਂ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ। ਹੁਣ ਭਾਰਤੀ ਜਨਤਾ ਪਾਰਟੀ ਨੇ ਪੰਥਕ ਚਿਹਰਿਆਂ ਦੀ ਪਛਾਣ ਕਰਦੇ ਹੋਏ ਟੌਹੜਾ ਪਰਿਵਾਰ ਦੇ ਇਸ ਵਾਰਿਸ ਇੰਜੀ. ਕੰਵਰਵੀਰ ਸਿੰਘ ਟੌਹੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪਿਆ ਹੈ, ਜਿਸ ਨੂੰ ਸਿੱਧੇ ਤੌਰ ’ਤੇ ਅਕਾਲੀ ਦਲ ਦੇ ਮੂੰਹ ’ਤੇ ਚਪੇੜ ਮੰਨਿਆ ਜਾ ਰਿਹਾ ਹੈ। ਜਿਥੇ ਪਿੰਡਾਂ ਅੰਦਰ ਇਸ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਦਾ ਵੱਡਾ ਆਧਾਰ ਵਧੇਗਾ, ਉੱਥੇ ਅਕਾਲੀ ਦਲ ਨੂੰ ਇਸ ਦੀ ਭਰਪਾਈ ਕਰਨੀ ਮੁਸ਼ਕਿਲ ਹੋਵੇਗੀ।

Add a Comment

Your email address will not be published. Required fields are marked *