ਮਣੀਪੁਰ ‘ਚ ਕਰਫ਼ਿਊ ‘ਚ ਢਿੱਲ ਮਿਲਦਿਆਂ ਹੀ ਮੁੜ ਹੋਈ ਗੋਲ਼ੀਬਾਰੀ

ਇੰਫਾਲ : ਮਣੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ’ਚ ਟ੍ਰੋਂਗਲਾਬੀ ਵਿਖੇ ਬੁੱਧਵਾਰ ਕਰਫ਼ਿਊ ਵਿਚ ਢਿੱਲ ਦਿੱਤੇ ਜਾਣ ਮਗਰੋਂ ਹਿੰਸਾ ਦੇ ਮੁੜ ਭੜਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਕਰਫ਼ਿਊ ਦੀ ਢਿੱਲ ਰੱਦ ਕਰ ਦਿੱਤੀ ਗਈ। ਰਾਜ ਦੇ ਬਿਸ਼ਨਪੁਰ, ਇੰਫਾਲ ਪੱਛਮੀ ਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਵਿਚ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਮਣੀਪੁਰ ਦੇ ਪਹਾੜੀ ਇਲਾਕਿਆਂ ’ਚ ਮੰਗਲਵਾਰ ਰਾਤ ਤੋਂ ਹੀ ਅਣਪਛਾਤੇ ਲੋਕ ਪਿੰਡਾਂ ’ਤੇ ਹਮਲੇ ਕਰ ਰਹੇ ਹਨ । ਵੱਡੀ ਗਿਣਤੀ ’ਚ ਘਰਾਂ ਨੂੰ ਸਾੜ ਦਿੱਤਾ ਗਿਆ ਹੈ। ਹਥਿਆਰਬੰਦ ਵਿਅਕਤੀਆਂ ਨੇ ਬੁੱਧਵਾਰ ਸੂਬੇ ਵਿਚ ਗੋਲ਼ੀਬਾਰੀ ਕੀਤੀ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸੂਬੇ ਵਿਚ 40 ਹਜ਼ਾਰ ਤੋਂ ਵੱਧ ਲੋਕ ਅੱਗ ਕਾਰਨ ਬੇਘਰ ਹੋ ਗਏ ਹਨ ਤੇ ਵੱਖ-ਵੱਖ ਕੈਂਪਾਂ ਵਿਚ ਰਹਿ ਰਹੇ ਹਨ।

ਕਾਂਗਪੋਕਪੀ ਵਿਚ ਤਿੰਨ ਮਈ ਤੋਂ ਲੋਕਾਂ ਨੇ ਕੌਮੀ ਰਾਜਮਾਰਗ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਸੂਬੇ ਵਿਚ ਭੋਜਨ, ਦਵਾਈਆਂ ਤੇ ਲੋੜੀਂਦੀਆਂ ਵਸਤਾਂ ਦੀ ਕਿੱਲਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮਣੀਪੁਰ ਵਿਚ 3 ਮਈ ਤੋਂ ਦੋ ਜਾਤਿ ਸਮੂਹਾਂ ਵਿਚਾਲੇ ਝੜਪਾਂ ਕਾਰਨ ਅਸ਼ਾਂਤੀ ਬਣੀ ਹੋਈ ਹੈ ਤੇ ਇੰਟਰਨੈੱਟ ਸੇਵਾਵਾਂ ਬੰਦ ਹਨ। 

Add a Comment

Your email address will not be published. Required fields are marked *