ਵਿਦੇਸ਼ ਵਿੱਚ ਰਹਿਣ ਦੇ ਬਾਵਜੂਦ ਵੀ ਧੀਆਂ ਪ੍ਰਤੀ ਨਫ਼ਰਤ ਰੱਖਣ ਵਾਲਾ ਕਲਯੁੱਗੀ ਪਿਓ

ਹੁਸ਼ਿਆਰਪੁਰ — ਅੱਜ ਦੇ ਯੁੱਗ ’ਚ ਧੀਆਂ ਹਰ ਖ਼ੇਤਰ ’ਚ ਮੁੰਡਿਆਂ ਨਾਲੋਂ ਅੱਗੇ ਹਨ ਪਰ ਕੁਝ ਮੁੰਡਿਆਂ ਨੂੰ ਪਾਉਣ ਦੇ ਚਾਅ ’ਚ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਕੁੜੀ ਪੈਦਾ ’ਤੇ ਮਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ’ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਵੱਲੋਂ ਤੀਜੀ ਧੀ ਨੂੰ ਜਨਮ ਦੇਣ ’ਤੇ ਐੱਨ. ਆਰ. ਆਈ. ਪਤੀ ਨੇ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। 

ਜਾਣਕਾਰੀ ਦਿੰਦੇ ਹੋਏ ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2014 ’ਚ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਰਾਵਾਂ ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ। ਉਸ ਦਾ ਪਤੀ ਵਰਿੰਦਰ ਸਿੰਘ ਫਰਾਂਸ ’ਚ ਕੰਮ ਕਰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ’ਚ ਹੀ ਰਹਿੰਦਾ ਹੈ। ਸਿਰਫ਼ ਸਾਲ ’ਚ ਕਦੇ-ਕਦੇ ਉਹ ਆਪਣੇ ਪਿੰਡ ਕਮਰਾਵਾਂ ਆਉਂਦਾ ਹੈ। ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਸ ਦੇ ਸਹੁਰੇ ਪਰਿਵਾਰ ਵਾਲੇ ਬੇਟਾ ਚਾਹੁੰਦੇ ਸਨ। ਜਦੋਂ ਇਕ ਮਹੀਨੇ ਪਹਿਲਾਂ ਵੀ ਤੀਜੀ ਧੀ ਨੇ ਜਨਮ ਲਿਆ ਤਾਂ ਉਸ ਦੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਪਹਿਲਾਂ ਕੁੱਟਮਾਰ ਦੀ ਸ਼ਿਕਾਇਤ ਥਾਣੇ ’ਚ ਦਰਜ ਕਰਵਾਈ ਸੀ ਪਰ ਹਰ ਵਾਰ ਉਸ ਦਾ ਪਤੀ ਮੁਆਫ਼ੀ ਮੰਗ ਕੇ ਰਾਜੀਨਾਮਾ ਕਰ ਲੈਂਦਾ ਸੀ। 

ਰਾਜਿੰਦਰ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਪਤੀ ਅਤੇ ਉਸ ਦੀ ਮਾਂ ਨਿਰਮਲ ਕੌਰ ਨੇ ਉਸ ਦੀ ਬੇਹੱਦ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰੋਂ ਇਹ ਕਹਿ ਕੇ ਕੱਢ ਦਿੱਤਾ ਕਿ ਤੂੰ ਸਿਰਫ਼ ਕੁੜੀਆਂ ਹੀ ਪੈਦਾ ਕਰ ਸਕਦੀ ਹੈ। ਰਾਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਸਰੀਰਕ ਸੰਬੰਧ ਹਨ ਅਤੇ ਉਹ ਪੁੱਤ ਦੇ ਚਾਅ ’ਚ ਉਸ ਮਹਿਲਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਰਾਜਿੰਦਰ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਅਜਿਹੇ ਲੋਕਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਧੀਆਂ ਨੂੰ ਅੱਜ ਵੀ ਬੋਝ ਸਮਝਦੇ ਹਨ। ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ’ਚ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। 

Add a Comment

Your email address will not be published. Required fields are marked *