ਲੋਕਾਂ ਦੇ ਵਿਰੋਧ ਬਾਰੇ ਸੁਖਬੀਰ ਨੂੰ ਦੱਸਿਆ ਸੀ: ਬੀਬੀ ਜਗੀਰ ਕੌਰ

ਜਲੰਧਰ, 10 ਨਵੰਬਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹਾਰਨ ਤੋਂ ਇਕ ਦਿਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟ ਤੌਰ ’ਤੇ ਲੋਕਾਂ ਦੀ ਰਾਏ ਬਾਰੇ ਦੱਸਿਆ ਸੀ ਕਿ ਪੰਜਾਬ ਦੇ ਲੋਕ ਬਾਦਲਾਂ ਦਾ ਵਿਰੋਧ ਕਰਦੇ ਹਨ। ਇਸੇ ਤਰ੍ਹਾਂ ਦੇ ਵਿਚਾਰ ਪਾਰਟੀ ਦੇ ਹੋਰ ਆਗੂ ਵੀ ਰੱਖਦੇ ਸਨ ਪਰ ਉਹ ਬਾਦਲਾਂ ਸਾਹਮਣੇ ਗੱਲ ਕਹਿਣ ਦੀ ਜ਼ੁਅੱਰਤ ਨਹੀਂ ਕਰਦੇ ਸਨ। ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੰਥਕ ਹਲਕਿਆਂ ਵਿੱਚੋਂ ਆ ਰਹੀ ਆਵਾਜ਼ ਹੀ ਸੁਖਬੀਰ ਬਾਦਲ ਦੇ ਕੰਨਾਂ ਤੱਕ ਪਹੁੰਚਾਈ ਸੀ ਪਰ ਇਸ ਗੱਲ ਨੂੰ ਸੁਖਬੀਰ ਬਾਦਲ ਨੇ ਗ਼ਲਤ ਸਮਝ ਲਿਆ।

ਬੀਬੀ ਜਗੀਰ ਕੌਰ ਅੱਜ ਇੱਥੇ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਥਕ ਸੋਚ ਵਾਲੇ ਵੀ ਤੇ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤਾਂ ਚਾਹੁੰਦੇ ਹਨ ਪਰ ਉਹ ਪਾਰਟੀ ’ਤੇ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਚਾਹੁੰਦੇ। ਜਦੋਂ ਇਹ ਸਾਰੀਆਂ ਗੱਲਾਂ ਸੁਖਬੀਰ ਨੂੰ ਦੱਸੀਆਂ ਤਾਂ ਸੱਚੀ ਤੇ ਕੌੜੀਆਂ ਗੱਲਾਂ ਦਾ ਉਹ ਗੁੱਸਾ ਕਰ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪਾਰਟੀ ਦਾ ਏਨਾ ਮਾੜਾ ਹਾਲ ਕਿਉਂ ਹੋਇਆ ਪਰ ਉਨ੍ਹਾਂ ਵਿੱਚ ਇਹੀ ਸਾਰੀਆਂ ਗੱਲਾਂ ਬਾਦਲਾਂ ਨੂੰ ਦੱਸਣ ਦਾ ਨਾ ਤਾਂ ਹੌਸਲਾ ਹੈ ਤੇ ਨਾ ਹੀ ਇਮਾਨਦਾਰੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਨੇ ਸਾਬਤ ਕਰ ਦਿੱਤਾ ਕਿ ਅਕਾਲੀ ਦਲ ਦੀ ਕਮੇਟੀ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਿਸ ਪੱਧਰ ਤੱਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਕ ਤਰ੍ਹਾਂ ਨਾਲ ਬੰਧਕ ਬਣਾ ਲਿਆ ਗਿਆ ਸੀ। ਮੈਂਬਰਾਂ ਨੂੰ 7 ਨਵੰਬਰ ਨੂੰ ਅਕਾਲੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਕੰਟਰੋਲ ਕੀਤਾ ਹੋਇਆ ਸੀ। ਅਕਾਲੀ ਦਲ ਦੇ ਨਿਰੋਲ ਸਿਆਸੀ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਾਬੂ ਕਰਨ ਦੀ ਡਿਊਟੀ ਲਾਈ ਹੋਈ ਸੀ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਐਸਜੀਪੀਸੀ ਦੇ ਕੰਮਕਾਜ ਵਿੱਚ ਸੁਧਾਰ ਲਈ ਸਿੱਖ ਭਾਈਚਾਰੇ ਦੇ ਸਾਹਮਣੇ ਪੇਸ਼ ਕੀਤੇ ਗਏ ਪੰਥਕ ਏਜੰਡੇ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਰਹਿਣਗੇ।

Add a Comment

Your email address will not be published. Required fields are marked *