ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮੁਹਿੰਮ ਤੇਜ਼ ਕਰੇਗੀ ਸ਼੍ਰੋਮਣੀ ਕਮੇਟੀ

ਸ੍ਰੀ ਆਨੰਦਪੁਰ ਸਾਹਿਬ, 17 ਫਰਵਰੀ-: ਖਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ਵਿਚ ਰੰਗਿਆ ਨਜ਼ਰ ਆਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ-ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਦਸਤਖਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ 9 ਬੰਦੀ ਸਿੰਘਾਂ ਦੇ ਨਾਵਾਂ ਵਾਲੇ 9 ਵੱਖ-ਵੱਖ ਦਸਤਖਤੀ ਸਟਾਲ ਲਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਲਾ-ਮਹੱਲਾ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਸਰਕਾਰੀ ਜਬਰ ਕਾਰਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਬਹੁਤ ਸਾਰੇ ਬੰਦੀ ਸਿੰਘ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ, ਜਦੋਂਕਿ ਕਾਨੂੰਨ ਅਨੁਸਾਰ ਉਮਰ ਕੈਦੀ ਨੂੰ 10-15 ਸਾਲਾਂ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 9 ਬੰਦੀ ਸਿੰਘਾਂ ਦੇ ਸਿੱਖ ਸੰਘਰਸ਼ ਵਿਚ ਯੋਗਦਾਨ, ਸੰਘਰਸ਼ਮਈ ਜੀਵਨ, ਕੁਰਬਾਨੀ ਅਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਬਾਰੇ ਜਾਣਕਾਰੀ ਸਬੰਧੀ ਕਿਤਾਬਚੇ ਛਪਵਾ ਕੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਇਕ ਵੱਡ-ਅਕਾਰੀ ਐੱਲ.ਸੀ.ਡੀ. ਸਕਰੀਨ ਲਗਾ ਕੇ ਵੀ ਬੰਦੀ ਸਿੰਘਾਂ ਦੇ ਜੀਵਨ ਤੇ ਸੰਘਰਸ਼ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਭਾਈ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਦਾ ਦੂਜਾ ਪੜਾਅ ਵੀ ਇਥੋਂ ਹੀ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਪਿੰਡ-ਪਿੰਡ ’ਤੇ ਪਹੁੰਚ ਕੀਤੀ ਜਾਵੇਗੀ ਜੋ ਵਿਸਾਖੀ ਤੱਕ ਚੱਲੇਗਾ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਗੁਰਬਾਣੀ ਪ੍ਰਸ਼ਾਰਣ ਟੀਵੀ ਚੈਨਲ ਸ਼ੁਰੂ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਬਹੁਤ ਜਲਦ ਯੂ ਟਿਊਬ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ਇਸ ਵਾਰ ਦਾ ਬਜਟ ਸੰਗਤਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੀਮਤੀ ਸੁਝਾਵਾਂ ’ਤੇ ਪੂਰਾ ਅਮਲ ਵੀ ਕੀਤਾ ਜਾਵੇਗਾ। 

Add a Comment

Your email address will not be published. Required fields are marked *