G20 ਮੀਟਿੰਗ ‘ਚ ਬੋਲੇ ਉਪ ਰਾਜਪਾਲ, ਅੱਤਵਾਦ ਨਾਲ ਲੜਣ ਤੋਂ ਬਾਅਦ ਵਿਕਾਸ ਦਾ ਨਵਾਂ ਯੁੱਗ ਵੇਖ ਰਿਹੈ ਜੰਮੂ-ਕਸ਼ਮੀਰ

ਸ਼੍ਰੀਨਗਰ : ਜੰਮੂ-ਕਸ਼ਮੀਰ ਵਿਕਾਸ ਅਤੇ ਸ਼ਾਂਤੀ ਦੀਆਂ ਬੇਅੰਤ ਸੰਭਾਵਨਾਵਾਂ ਦੇ ਇਕ ਨਵੇਂ ਯੁੱਗ ਦਾ ਗਵਾਹ ਹੈ ਅਤੇ ਇਹ ਸਰਹੱਦ ਪਾਰੋਂ ਸਮਰਥਿਤ ਅੱਤਵਾਦੀ ਨੈੱਟਵਰਕ ਨੂੰ ਅਲੱਗ-ਥਲੱਗ ਕਰਨ ਲਈ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹੋਇਆ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਸ਼੍ਰੀਨਗਰ ‘ਚ ਜੀ-20 ਦੀ ਬੈਠਕ ‘ਚ ਇਹ ਗੱਲ ਕਹੀ।

ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਬੈਠਕ ਦੇ ਦੂਜੇ ਦਿਨ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਸਿਨਹਾ ਨੇ ਪਾਕਿਸਤਾਨ ਪ੍ਰਯੋਜਿਤ ਅੱਤਵਾਦ ਦਾ ਮੁੱਦਾ ਚੁੱਕਿਆ ਅਤੇ ਫ਼ਿਲਮ ਉਦਯੋਗ ਲਈ ਜੰਮੂ-ਕਸ਼ਮੀਰ ਨੂੰ ਖੋਲ੍ਹਣ ਲਈ ਖੇਤਰ ‘ਚ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਯਤਨਾਂ ਅਤੇ ਵਧਦੇ ਵਿਦੇਸ਼ੀ ਨਿਵੇਸ਼ ‘ਤੇ ਜ਼ੋਰ ਦਿੱਤਾ। ਪਾਕਿਸਤਾਨ ਦਾ ਨਾਂ ਲਏ ਬਿਨਾਂ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ, ਜੋ ਕਿ ਲਗਭਗ ਸਾਰੇ ਧਾਰਮਿਕ ਸੰਪਰਦਾਵਾਂ ਦੀ ਸ਼ਾਂਤੀਪੂਰਨ ਸਹਿ-ਹੋਂਦ ਲਈ ਜਾਣਿਆ ਜਾਂਦਾ ਹੈ, ਨੂੰ “ਸਾਡੇ ਗੁਆਂਢੀ ਦੇਸ਼ ਦੁਆਰਾ ਪ੍ਰਯੋਜਿਤ ਅੱਤਵਾਦ ਦਾ ਸਾਹਮਣਾ ਕਰਨਾ ਪਿਆ”। ਉਪ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਵਿਕਾਸ ਯੋਜਨਾਵਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਭਾਵਸ਼ਾਲੀ ਪ੍ਰਸ਼ਾਸਨ ਨਾਲ ਹੁਣ ਅੱਤਵਾਦ ਦਾ ਨੈੱਟਵਰਕ ਅਲੱਗ-ਥਲੱਗ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੇਇਨਸਾਫ਼ੀ, ਸ਼ੋਸ਼ਣ ਅਤੇ ਵਿਤਕਰੇ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ, ਜਿਸ ਦਾ ਸਮਾਜ ਦੇ ਕਈ ਵਰਗਾਂ ਨੇ ਸੱਤ ਦਹਾਕਿਆਂ ਤੋਂ ਸਾਹਮਣਾ ਕੀਤਾ ਸੀ। ਸੈਰ-ਸਪਾਟੇ ‘ਤੇ ਤੀਜੀ ਜੀ-20 ਬੈਠਕ ਦੌਰਾਨ ਸਿਨਹਾ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਇਕ ਨਵੇਂ ਯੁੱਗ ਦਾ ਗਵਾਹ ਹੈ ਜਿਸ ਨੇ ਵਿਕਾਸ ਅਤੇ ਸ਼ਾਂਤੀ ਦੀਆਂ ਬੇਅੰਤ ਸੰਭਾਵਨਾਵਾਂ ਨੂੰ ਖੋਲ੍ਹਿਆ ਹੈ। ਹੁਣ ਵਿਦੇਸ਼ੀ ਨਿਵੇਸ਼ ਵੀ ਜੰਮੂ-ਕਸ਼ਮੀਰ ‘ਚ ਆ ਰਿਹਾ ਹੈ, ਲੋਕਾਂ ਨੂੰ ਸੁਨਹਿਰੀ ਸਵੇਰ ਦੀ ਉਮੀਦ ਹੈ। 

Add a Comment

Your email address will not be published. Required fields are marked *