ਬਾਥਰੂਮ ‘ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼

ਮੁੰਬਈ : ਮਸ਼ਹੂਰ ਐਕਟਰ, ਮਾਡਲ ਅਤੇ ਕਾਸਟਿੰਗ ਡਾਇਰੈਕਟਰ ਆਦਿਤਿਆ ਸਿੰਘ ਰਾਜਪੂਤ ਦੀ ਰਹੱਸਮਈ ਢੰਗ ਨਾਲ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹ 32 ਸਾਲ ਦੇ ਸਨ। ਸੋਮਵਾਰ ਦੁਪਹਿਰ ਨੂੰ ਉਹ ਆਪਣੇ ਅੰਧੇਰੀ ਸਥਿਤ ਘਰ ਦੇ ਬਾਥਰੂਮ ‘ਚ ਮ੍ਰਿਤਕ ਪਾਏ ਗਏ। ਆਦਿਤਿਆ ਦੇ ਦੋਸਤ ਨੇ ਉਸ ਨੂੰ ਬਿਲਡਿੰਗ ਦੀ 11ਵੀਂ ਮੰਜ਼ਿਲ ‘ਤੇ ਸਥਿਤ ਘਰ ‘ਚ ਮ੍ਰਿਤਕ ਪਾਇਆ। ਇਸ ਤੋਂ ਬਾਅਦ ਉਸ ਦਾ ਦੋਸਤ ਅਤੇ ਬਿਲਡਿੰਗ ਦਾ ਚੌਕੀਦਾਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਅਦਾਕਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਅਦਾਕਾਰ ਦੀ ਮੌਤ ਪਿੱਛੇ ਨਸ਼ੇ ਦੀ ਓਵਰਡੋਜ਼ ਹੋ ਸਕਦੀ ਹੈ।

ਆਦਿਤਿਆ ਸਿੰਘ ਰਾਜਪੂਤ ਦੀ ਇੰਡਸਟਰੀ ‘ਚ ਚੰਗੀ ਪਛਾਣ ਰੱਖਦੇ ਹਨ। ਉਨ੍ਹਾਂ ਦਾ ਕਈ ਲੋਕਾਂ ਨਾਲ ਕੁਨੈਕਸ਼ਨ ਸੀ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ। ਕੁਝ ਟੀਵੀ ਸ਼ੋਅ ਅਤੇ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਬ੍ਰਾਂਡ ਪੌਪ ਕਲਚਰ ਸ਼ੁਰੂ ਕੀਤਾ। ਉਹ ਇਸ ਬ੍ਰਾਂਡ ਦੇ ਤਹਿਤ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਇੰਡਸਟਰੀ ਵਿੱਚ ਕਈ ਅਭਿਨੇਤਾਵਾਂ ਅਤੇ ਅਭਿਨੇਤਰੀਆਂ ਨੂੰ ਲਾਂਚ ਕੀਤਾ ਸੀ।

ਅਦਾਕਾਰ ਦੀ ਅਚਾਨਕ ਹੋਈ ਮੌਤ ਨਾਲ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਕਿਸੇ ਲਈ ਵੀ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਕੱਲ੍ਹ ਤੱਕ ਪਾਰਟੀ ਕਰਦੇ ਅਤੇ ਹੱਸਦੇ-ਮੁਸਕਰਾਉਂਦੇ ਆਦਿਤਿਆ ਅੱਜ ਇਸ ਦੁਨੀਆ ਵਿੱਚ ਨਹੀਂ ਹਨ। ਦਿੱਲੀ ਦੇ ਰਹਿਣ ਵਾਲੇ ਆਦਿਤਿਆ ਸਿੰਘ ਰਾਜਪੂਤ ਦਾ ਮਾਡਲਿੰਗ ਕਰੀਅਰ ਬਹੁਤ ਵਧੀਆ ਸੀ। ਉਨ੍ਹਾਂ ‘ਕ੍ਰਾਂਤੀਵੀਰ’ ਅਤੇ ‘ਮੈਂਨੇ ਗਾਂਧੀ ਕੋ ਨਹੀਂ ਮਾਰਾ’ ਨਾਂ ਦੀਆਂ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਟੀਵੀ ‘ਤੇ 300 ਦੇ ਕਰੀਬ ਇਸ਼ਤਿਹਾਰਾਂ ‘ਚ ਨਜ਼ਰ ਆ ਚੁੱਕੇ ਸਨ। ਉਨ੍ਹਾਂ ਨੂੰ ਟੀਵੀ ਰਿਐਲਿਟੀ ਸ਼ੋਅ ‘ਸਪਲਿਟਸਵਿਲਾ’ ‘ਚ ਵੀ ਦੇਖਿਆ ਗਿਆ ਸੀ।

Add a Comment

Your email address will not be published. Required fields are marked *