2000 ਦੇ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ: ਦਾਸ

ਨਵੀਂ ਦਿੱਲੀ, 22 ਮਈ-: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ 2 ਹਜ਼ਾਰ ਦੇ ਕਰੰਸੀ ਨੋਟਾਂ ਦੀ ਵਾਪਸੀ ਦਾ ਅਰਥਚਾਰੇ ’ਤੇ ਬਹੁਤ ਹੀ ਮਾਮੂਲੀ ਅਸਰ ਹੋਵੇਗਾ ਕਿਉਂਕਿ ਸਿਰਫ਼ 10.8 ਫ਼ੀਸਦੀ ਹੀ ਕਰੰਸੀ ਚਲਣ ਵਿੱਚ ਹੈ। ਵਾਪਸੀ ਦੇ ਅਮਲ ਨੂੰ ਰਿਜ਼ਰਵ ਬੈਂਕ ਦੇ ਕਰੰਸੀ ਪ੍ਰਬੰਧਨ ਅਰਪੇਸ਼ਨਜ਼ ਦਾ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਉਮੀਦ ਪ੍ਰਗਟਾਈ ਕਿ 2000 ਦੇ ਜ਼ਿਆਦਾਤਰ ਨੋਟ ਖ਼ਜ਼ਾਨੇ ’ਚ 30 ਸਤੰਬਰ ਤੱਕ ਵਾਪਸ ਆ ਜਾਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਸ ਨੇ ਕਿਹਾ,‘‘2 ਹਜ਼ਾਰ ਦੇ ਨੋਟ ਆਮ ਲੈਣ-ਦੇਣ ’ਚ ਨਹੀਂ ਵਰਤੇ ਜਾਂਦੇ ਹਨ। ਸਾਨੂੰ ਪਤਾ ਲੱਗਿਆ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਲੈਣ-ਦੇਣ ’ਚ ਬਹੁਤ ਘੱਟ ਹੋ ਰਹੀ ਸੀ। ਇਸ ਕਰਕੇ ਆਰਥਿਕ ਗਤੀਵਿਧੀ ’ਤੇ ਉਨ੍ਹਾਂ ਦੀ ਵਾਪਸੀ ਦਾ ਕੋਈ ਅਸਰ ਨਹੀਂ ਪਵੇਗਾ।’’ ਉਨ੍ਹਾਂ ਕਿਹਾ ਕਿ ਆਰਬੀਆਈ ਵੱਲੋਂ ਕਰੰਸੀ ਨੋਟਾਂ ਦੀ ਵਾਪਸੀ ਦਾ ਅਮਲ ਸਮੇਂ ਸਮੇਂ ’ਤੇ ਕੀਤਾ ਜਾਂਦਾ ਰਿਹਾ ਹੈ। ਸਾਲ 2013-14 ’ਚ ਵੀ ਅਜਿਹਾ ਫ਼ੈਸਲਾ ਲਿਆ ਗਿਆ ਸੀ ਜਦੋਂ 2005 ਤੋਂ ਪਹਿਲਾਂ ਦੇ ਛਾਪੇ ਗਏ ਨੋਟਾਂ ਦਾ ਚਲਣ ਬੰਦ ਕਰ ਦਿੱਤਾ ਗਿਆ ਸੀ। ਦਾਸ ਨੇ ਕਿਹਾ ਕਿ 2 ਹਜ਼ਾਰ ਦੇ ਨੋਟ ਕਾਨੂੰਨੀ ਤੌਰ ’ਤੇ ਵੈਧ ਰਹਿਣਗੇ। ‘ਅਸੀਂ ਉਡੀਕ ਕਰਾਂਗੇ ਕਿ ਕਿੰਨੇ ਕੁ ਨੋਟ ਵਾਪਸ ਆ ਰਹੇ ਹਨ। ਮੈਂ ਕੋਈ ਸੰਭਾਵਨਾ ਨਹੀਂ ਜਤਾ ਸਕਦਾ ਕਿ 30 ਸਤੰਬਰ ਤੋਂ ਬਾਅਦ ਕੀ ਹੋਵੇਗਾ।’ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬੈਂਕ ਖ਼ਾਤਿਆਂ ’ਚ ਜਮ੍ਹਾਂ ਕਰਾਉਣ ਅਤੇ ਨੋਟ ਬਦਲਾਉਣ ਲਈ ਬਹੁਤ ਸਮਾਂ ਹੈ। ਗਵਰਨਰ ਨੇ ਇਹ ਵੀ ਕਿਹਾ ਕਿ ਲੰਬੇ ਵਿਦੇਸ਼ ਦੌਰਿਆਂ ’ਤੇ ਗਏ ਜਾਂ ਵਰਕ ਵੀਜ਼ੇ ’ਤੇ ਵਿਦੇਸ਼ ਰਹਿੰਦੇ ਲੋਕਾਂ ਨੂੰ ਪੈਦਾ ਹੋਣ ਵਾਲੀ ਸਮੱਸਿਆ ਪ੍ਰਤੀ ਆਰਬੀਆਈ ਸੰਜੀਦਾ ਹੈ। ਦੋ ਹਜ਼ਾਰ ਦੇ ਨੋਟਾਂ ਦੀ ਵਾਪਸੀ ਨਾਲ ਕਾਲੇ ਧਨ ਦੇ ਪ੍ਰਬੰਧ ’ਚ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਨਕਦੀ ਬਦਲਵਾਉਣ ਜਾਂ ਖ਼ਾਤੇ ’ਚ ਜਮ੍ਹਾਂ ਕਰਾਉਣ ਦੀ ਤੈਅਸ਼ੁਦਾ ਪ੍ਰਕਿਰਿਆ ਹੈ। ਉਨ੍ਹਾਂ ਕਿਹਾ,‘‘ਅਸੀਂ ਆਖਿਆ ਹੈ ਕਿ ਬੈਂਕਾਂ ਵੱਲੋਂ ਪਾਲਣ ਕੀਤੀ ਜਾ ਰਹੀ ਮੌਜੂਦਾ ਪ੍ਰਕਿਰਿਆ ਜਾਰੀ ਰਹੇਗੀ। ਅਸੀਂ ਕੋਈ ਵਾਧੂ ਪ੍ਰਕਿਰਿਆ ਅਪਣਾਉਣ ਲਈ ਨਹੀਂ ਕਿਹਾ ਹੈ। ਸਾਰੇ ਜਾਣਦੇ ਹੀ ਹਨ ਕਿ ਜੇਕਰ ਕੋਈ 50 ਹਜ਼ਾਰ ਰੁਪਏ ਤੋਂ ਜ਼ਿਆਦਾ ਨਕਦੀ ਜਮ੍ਹਾਂ ਕਰਾਉਂਦਾ ਹੈ ਤਾਂ ਆਮਦਨ ਕਰ ਦਾ ਨਿਯਮ ਹੈ ਕਿ ਉਸ ਵਿਅਕਤੀ ਨੂੰ ਪੈਨ ਦੇਣਾ ਪਵੇਗਾ। ਇਸ ਲਈ ਮੌਜੂਦਾ ਨਿਯਮ ਹੀ ਚਲਣਗੇ।’’ ਗਵਰਨਰ ਨੇ ਕਿਹਾ ਕਿ ਯੂਕਰੇਨ ’ਚ ਜੰਗ ਕਾਰਨ ਭਾਵੇਂ ਕੌਮਾਂਤਰੀ ਵਿੱਤੀ ਬਾਜ਼ਾਰਾਂ ’ਚ ਸੰਕਟ ਹੈ ਅਤੇ ਅਗਾਂਹਵਧੂ ਅਰਥਚਾਰਿਆਂ ’ਚ ਕੁਝ ਬੈਂਕ ਫੇਲ੍ਹ ਵੀ ਹੋਏ ਹਨ ਪਰ ਇਸ ਦੇ ਬਾਵਜੂਦ ਭਾਰਤੀ ਕਰੰਸੀ ਮਜ਼ਬੂਤ ਅਤੇ ਸਥਿਰ ਹੈ। ਇਕ ਹਜ਼ਾਰ ਰੁਪਏ ਦੇ ਨੋਟ ਮੁੜ ਲਿਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜੇ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਇਸ ਦੌਰਾਨ ਆਰਬੀਆਈ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਨੋਟ ਬਦਲਾਉਣ ਜਾਂ ਜਮ੍ਹਾਂ ਕਰਾਉਣ ਲਈ ਆਉਣ ਵਾਲੇ ਲੋਕਾਂ ਵਾਸਤੇ ਧੁੱਪ ਤੋਂ ਬਚਾਅ ਅਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 2016 ਦੀ ਨੋਟਬੰਦੀ ਦੌਰਾਨ ਨੋਟ ਬਦਲਵਾਉਣ ਲਈ ਕਤਾਰਾਂ ’ਚ ਲੱਗੇ ਕਈ ਲੋਕ ਮਰ ਗਏ ਸਨ।

Add a Comment

Your email address will not be published. Required fields are marked *