ਹਿਮਾਚਲ ਪ੍ਰਦੇਸ਼ ‘ਚ ਕਾਨੂੰਨੀ ਤੌਰ ‘ਤੇ ਹੋਵੇਗੀ ਭੰਗ ਦੀ ਕਾਸ਼ਤ

ਆਉਣ ਵਾਲੇ ਸਮੇਂ ਵਿਚ ਹਿਮਾਚਲ ਪ੍ਰਦੇਸ਼ ਵਿਚ ਕਾਨੂੰਨੀ ਤੌਰ ‘ਤੇ ਭੰਗ ਦੀ ਖੇਤੀ ਕੀਤੀ ਜਾ ਸਕੇਗੀ। ਹਿਮਾਚਲ ਪ੍ਰਦੇਸ਼ ਸਰਕਾਰ ਰਾਜ ਵਿਚ ਭੰਗ ਦੀ ਕਾਸ਼ਤ ਨੂੰ ਕਾਨੂੰਨੀ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ, ਵਿਧਾਇਕਾਂ ਦੀ ਇਕ ਟੀਮ ਨੇ ਸ਼ਨੀਵਾਰ ਨੂੰ ਇਸ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਗੁਆਂਢੀ ਸੂਬੇ ਉੱਤਰਾਖੰਡ ਦਾ ਦੌਰਾ ਕੀਤਾ।

ਭੰਗ ਦੀ ਖੇਤੀ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਲਈ ਸਰਕਾਰ ਵੱਲੋਂ ਵਿਧਾਇਕਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਦੇ ਮੁਖੀ ਅਤੇ ਸੂਬੇ ਦੇ ਮਾਲ ਅਤੇ ਕਬਾਇਲੀ ਵਿਕਾਸ ਮੰਤਰੀ ਜਗਤ ਸਿੰਘ ਨੇਗੀ ਮੁਤਾਬਕ ਇਸ ਦੇ ਸਾਰੇ ਪਹਿਲੂਆਂ ਨਾਲ ਜੁੜੀ ਰਿਪੋਰਟ ਅਗਲੇ ਦੋ ਮਹੀਨਿਆਂ ਦੇ ਅੰਦਰ ਰਾਜ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਹਾਲ ਹੀ ਵਿਚ ਰਾਜ ਵਿੱਚ ਭੰਗ ਦੀ ਖੇਤੀ ਨਾਲ ਸਬੰਧਤ ਹਰੇਕ ਪਹਿਲੂ ਬਾਰੇ ਡੂੰਘਾਈ ਨਾਲ ਅਧਿਐਨ ਕਰਨ ਲਈ ਵਿਧਾਇਕਾਂ ਦੀ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।

ਜਗਤ ਸਿੰਘ ਨੇਗੀ ਨੇ ਕਿਹਾ ਕਿ ਅਸੀਂ ਉਦਯੋਗਿਕ ਅਤੇ ਗੈਰ-ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਭੰਗ ਦੀ ਖੇਤੀ ਸ਼ੁਰੂ ਕਰਨ ਲਈ ਸਾਰੇ ਪਹਿਲੂਆਂ ਦਾ ਅਧਿਐਨ ਕਰ ਰਹੇ ਹਾਂ। ਅਸੀਂ ਉਨ੍ਹਾਂ ਖੇਤਰਾਂ ਦਾ ਦੌਰਾ ਕਰ ਰਹੇ ਹਾਂ ਜਿੱਥੇ ਭੰਗ ਦੀ ਕਾਸ਼ਤ ਦੇ ਫਾਇਦੇ ਅਤੇ ਨੁਕਸਾਨ ਨੂੰ ਸਮਝਣ ਲਈ ਭੰਗ ਦੀ ਕਾਨੂੰਨੀ ਕਾਸ਼ਤ ਹੁੰਦੀ ਹੈ। ਅੱਜ, ਅਸੀਂ ਦੇਹਰਾਦੂਨ ਦੇ ਸ਼ੈਲਾਕੁਈ ਵਿਖੇ ਅਰੋਮੈਟਿਕ ਪਲਾਂਟ ਸੈਂਟਰ ਦਾ ਦੌਰਾ ਕੀਤਾ। ਦੋ ਮਹੀਨਿਆਂ ਦੇ ਅੰਦਰ, ਅਸੀਂ ਇਕ ਰਿਪੋਰਟ ਸੌਂਪਾਂਗੇ ਅਤੇ ਉਸ ਦੇ ਆਧਾਰ ‘ਤੇ, ਸਰਕਾਰ ਅਗਲੇ ਫ਼ੈਸਲਾ ਲਵੇਗੀ।

Add a Comment

Your email address will not be published. Required fields are marked *