ਤਿਲੰਗਾਨਾ ’ਚ ਰਾਹੁਲ ਨੇ ਕੇਸੀਆਰ ਤੇ ਓਵਾਇਸੀ ’ਤੇ ਨਿਸ਼ਾਨਾ ਸੇਧਿਆ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਤਿਲੰਗਾਨਾ ਦੀ ਸੱਤਾਧਾਰੀ ਪਾਰਟੀ ਬੀਆਰਐੱਸ ਨੂੰ ‘ਬੀਜੇਪੀ ਰਿਸ਼ਤੇਦਾਰ ਸਮਿਤੀ’ ਦੱਸਦਿਆਂ ਕਿਹਾ ਕਿ ਜਿੱਥੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਰਕਾਰੀ ਏਜੰਸੀਆਂ ਨਿਸ਼ਾਨਾ ਬਣਾ ਰਹੀ ਹਨ, ਉੱਥੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਤੇ ਏਆਈਐਮਆਈਐਮ ਆਗੂਆਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਨੂੰ ‘ਆਪਣਾ ਹੀ ਮੰਨਦੇ ਹਨ।’ ਇੱਥੋਂ ਨੇੜਲੇ ਤੁੱਕੂਗੁੜਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਤਿਲੰਗਾਨਾ ਵਿਚ ਕਾਂਗਰਸ ਸਿਰਫ਼ ਬੀਆਰਐੱਸ ਵਿਰੁੱਧ ਨਹੀਂ ਲੜ ਰਹੀ, ਬਲਕਿ ਭਾਜਪਾ ਤੇ ਏਆਈਐਮਆਈਐਮ ਖਿਲਾਫ਼ ਵੀ ਲੜ ਰਹੀ ਹੈ। ਰਾਹੁਲ ਨੇ ਕਿਹਾ, ‘ਉਹ ਇਕ-ਦੂਜੇ ਨੂੰ ਵੱਖ-ਵੱਖ ਪਾਰਟੀਆਂ ਦੱਸਦੇ ਹਨ, ਪਰ ਲੁਕਵੇਂ ਰੂਪ ਵਿਚ ਇਕੱਠੇ ਹੋ ਕੇ ਕੰਮ ਕਰ ਰਹੇ ਹਨ। ਮੈਂ ਲੋਕ ਸਭਾ ਵਿਚ ਬੀਆਰਐੱਸ ਦੇ ਮੈਂਬਰਾਂ ਨੂੰ ਦੇਖਿਆ ਹੈ। ਭਾਜਪਾ ਨੂੰ ਜਦ ਲੋੜ ਹੁੰਦੀ ਹੈ, ਬੀਆਰਐੱਸ ਮੈਂਬਰ ਸਮਰਥਨ ਦਿੰਦੇ ਹਨ।’ ਕਾਂਗਰਸ ਨੇਤਾ ਨੇ ਭਾਜਪਾ ਨੂੰ ‘ਬੀਆਰਐੱਸ’ ਦੀ ਹਮਾਇਤ ਦਾ ਦਾਅਵਾ ਕਰਦਿਆਂ ਖੇਤੀ ਕਾਨੂੰਨਾਂ, ਜੀਐੱਸਟੀ, ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣਾਂ ਦਾ ਹਵਾਲਾ ਦਿੱਤਾ। ਰਾਹੁਲ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਕਰੀਬ ਹਰੇਕ ਆਗੂ ’ਤੇ ਈਡੀ, ਸੀਬੀਆਈ ਦੇ ਕੇਸ ਚੱਲ ਰਹੇ ਹਨ, ਪਰ ਕੇਸੀਆਰ (ਮੁੱਖ ਮੰਤਰੀ) ਤੇ ਓਵਾਇਸੀ ਦੀ ਪਾਰਟੀ ਦੇ ਆਗੂਆਂ ਵਿਰੁੱਧ ਕੋਈ ਕੇਸ ਨਹੀਂ ਹੈ। ਉਨ੍ਹਾਂ ਕਿਹਾ, ‘ਵਿਰੋਧੀ ਧਿਰਾਂ ’ਤੇ ਹੀ ਹਮਲਾ ਹੁੰਦਾ ਹੈ। ਮੋਦੀ ਜੀ ਆਪਣੇ ਬੰਦਿਆਂ ਨੂੰ ਕੁਝ ਨਹੀਂ ਕਹਿੰਦੇ।’ ਰਾਹੁਲ ਨੇ ਕਿਹਾ ਕਿ ਕਾਂਗਰਸ ਤਿਲੰਗਾਨਾ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਤਿਲੰਗਾਨਾ ਨੂੰ ਸੂਬੇ ਦਾ ਦਰਜਾ ‘ਕੇਸੀਆਰ ਤੇ ਉਸ ਦੇ ਪਰਿਵਾਰ ਦੇ ਲਾਭ ਲਈ ਨਹੀਂ ਦਿੱਤਾ ਸੀ।’ ਰਾਹੁਲ ਨੇ ਇਸ ਮੌਕੇ ਤਿਲੰਗਾਨਾ ਲਈ ਐਲਾਨੀਆਂ ਪਾਰਟੀ ਦੀਆਂ ਛੇ ਗਾਰੰਟੀਆਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਵਿਚ ਬੇਘਰਿਆਂ ਨੂੰ ਘਰ ਬਣਾਉਣ ਲਈ ਵਿੱਤੀ ਮਦਦ ਦੀ ਗਾਰੰਟੀ, 200 ਯੂਨਿਟ ਮੁਫ਼ਤ ਬਿਜਲੀ ਦੀ ਗਾਰੰਟੀ, ਪੈਨਸ਼ਨ ਤੇ ਸਿਹਤ ਬੀਮੇ ਦੀ ਗਾਰੰਟੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਗਲੇ 100 ਦਿਨਾਂ ਵਿਚ ਤਿਲੰਗਾਨਾ ਵਿਚੋਂ ਬੀਆਰਐੱਸ ਸਰਕਾਰ ਦਾ ਸਫਾਇਆ ਹੋ ਜਾਵੇਗਾ।

Add a Comment

Your email address will not be published. Required fields are marked *