ਸੂਬੇ ਭਰ ਦੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਅੱਜ ਕੰਮਕਾਜ ਰੱਖਣਗੇ ਠੱਪ

ਜਲੰਧਰ : ਪੂਰੇ ਸੂਬੇ ਦੇ ਰੈਵੇਨਿਊ ਅਧਿਕਾਰੀਆਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਜਾਣ ਦੇ ਐਲਾਨ ਤਹਿਤ ਸੋਮਵਾਰ ਨੂੰ ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ’ਚ ਕੰਮਕਾਜ ਠੱਪ ਰਹੇਗਾ। ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਬਠਿੰਡਾ ਸਥਿਤ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਗਲਤ ਢੰਗ ਨਾਲ ਸਸਪੈਂਡ ਕੀਤਾ ਗਿਆ ਹੈ, ਜਿਸ ਕਾਰਨ ਰੈਵੇਨਿਊ ਅਧਿਕਾਰੀਆਂ ‘ਚ ਭਾਰੀ ਰੋਸ ਹੈ। ਰੈਵੇਨਿਊ ਅਧਿਕਾਰੀਆਂ ਨੇ 22 ਮਈ ਨੂੰ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਤਹਿਤ ਸੂਬੇ ਭਰ ਦੇ ਸਾਰੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸੋਮਵਾਰ ਨੂੰ ਸਮੂਹਿਕ ਛੁੱਟੀ ’ਤੇ ਚਲੇ ਜਾਣਗੇ। ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਨਾਇਬ ਤਹਿਸੀਲਦਾਰ ਖ਼ਿਲਾਫ਼ ਕਾਰਵਾਈ ਗ਼ੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਹੈ। ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਵਿਜੇ ਬਹਿਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਕੋਈ ਸਟੈਂਡ ਨਾ ਲਿਆ ਤਾਂ ਐਸੋਸੀਏਸ਼ਨ ਵੱਲੋਂ ਸਮੂਹਿਕ ਛੁੱਟੀ ਵਧਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਨੂੰ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਮੰਗਲਵਾਰ ਨੂੰ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਐਲਾਨੀ ਜਾਵੇਗੀ।

ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਵੱਲੋਂ 22 ਮਈ ਨੂੰ ਸਮੂਹਿਕ ਛੁੱਟੀ ਦੇ ਐਲਾਨ ਦੇ ਮੱਦੇਨਜ਼ਰ ਐੱਫਸੀਆਰ ਪੰਜਾਬ ਨੇ ਐਸੋਸੀਏਸ਼ਨ ਨੂੰ ਗੱਲਬਾਤ ਲਈ ਬੁਲਾਇਆ ਹੈ। ਪੁਸ਼ਟ ਸੂਤਰਾਂ ਦੀ ਮੰਨੀਏ ਤਾਂ ਸਵੇਰੇ ਲਗਭਗ 7 ਵਜੇ ਹੋਣ ਵਾਲੀ ਇਸ ਮੀਟਿੰਗ ‘ਚ ਨਾਇਬ ਤਹਿਸੀਲਦਾਰ ਦੀ ਗ੍ਰਿਫ਼ਤਾਰੀ ਦਾ ਮਾਮਲਾ ਵਿਚਾਰਿਆ ਜਾਵੇਗਾ, ਜੇਕਰ ਸਰਕਾਰ ਵੱਲੋਂ ਕੋਈ ਨਰਮੀ ਦਿਖਾਈ ਜਾਂਦੀ ਹੈ ਤਾਂ ਇਹ ਹੜਤਾਲ ਤੁਰੰਤ ਪ੍ਰਭਾਵ ਨਾਲ ਵਾਪਸ ਵੀ ਲਈ ਜਾ ਸਕਦੀ ਹੈ।

ਸੂਤਰਾਂ ਦੀ ਮੰਨੀਏ ਤਾਂ ਪੂਰੀ ਸੰਭਾਵਨਾ ਹੈ ਕਿ ਮੀਟਿੰਗ ‘ਚ ਸਰਕਾਰ ਅਤੇ ਐਸੋਸੀਏਸ਼ਨ ਦੋਵਾਂ ਵਿਚਾਲੇ ਕੋਈ ਸਮਝੌਤਾ ਹੋ ਜਾਵੇਗਾ ਤੇ ਮੁਅੱਤਲ ਕੀਤੇ ਗਏ ਨਾਇਬ ਤਹਿਸੀਲਦਾਰ ਨੂੰ ਬਹਾਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਾਰੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਰੁਟੀਨ ਵਾਂਗ ਡਿਊਟੀ ’ਤੇ ਆਉਣਗੇ। ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਜਾਣ ਦੀ ਵੀ ਸੰਭਾਵਨਾ ਹੈ।

Add a Comment

Your email address will not be published. Required fields are marked *