ਵਿਆਹ ਦੀਆਂ ਸ਼ਰਤਾਂ ਨਾ ਮੰਨਣ ’ਤੇ ਲਾੜਾ ਹੋਇਆ ਗੁੱਸੇ, ਬਿਨਾਂ ਲਾੜੀ ਬੇਰੰਗ ਮੁੜੀ ਬਰਾਤ

ਫਿਲੌਰ : ਸਥਾਨਕ ਸ਼ਹਿਰ ਫਿਲੌਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਲੜਕੀ ਦੇ ਮਾਪਿਆਂ ਵੱਲੋਂ ਲੜਕੇ ਦੇ ਮਾਤਾ-ਪਿਤਾ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਲਾੜੇ ਨੇ ਮੰਡਪ ’ਚ ਸਿਹਰਾ ਸੁੱਟ ਦਿੱਤਾ ਤੇ ਲਾੜੀ ਨੂੰ ਛੱਡ ਬਰਾਤ  ਵਾਪਸ ਆਪਣੇ ਸ਼ਹਿਰ ਪਟਿਆਲਾ ਲੈ ਗਿਆ। ਇਸ ਮੌਕੇ ਲਾੜੀ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਲਾੜੀ ਦੇ ਮਾਪਿਆਂ ਨੇ ਲਾੜੇ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਲੜਕੀ ਪਰਿਵਾਰ ਨੇ ਐੱਸ. ਐੱਸ. ਪੀ. ਜਲੰਧਰ ਦੇ ਦਫ਼ਤਰ ’ਚ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਤੇ ਦੱਸਿਆ ਕਿ ਉਸ ਦੀਆਂ 4 ਬੇਟੀਆਂ ਤੇ ਇਕ 14 ਸਾਲ ਦਾ ਬੇਟਾ ਹੈ। ਉਹ ਸਕਰੈਪ ਡੀਲਰ ਵਜੋਂ ਕੰਮ ਕਰਦਾ ਹੈ। ਉਸ ਦੀ ਲੜਕੀ ਦਾ ਵਿਆਹ ਪਟਿਆਲਾ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਪੁੱਤਰ ਨਵੀਨ ਨਾਲ ਹੋਣਾ ਸੀ। ਲੜਕੇ ਵਾਲਿਆਂ ਨੇ ਉਸ ਨੂੰ ਕਿਹਾ ਕਿ ਬਰਾਤ ਦੀ ਚੰਗੀ ਤਰ੍ਹਾਂ ਖਾਤਿਰਦਾਰੀ ਹੋਣੀ ਚਾਹੀਦੀ ਹੈ, ਜਿਸ ਕਾਰਨ ਸ਼ਹਿਰ ਦੇ ਮਸ਼ਹੂਰ ਕਲੱਬ ’ਚ ਲੜਕੀ ਦਾ ਵਿਆਹ ਕਰ ਕੇ 6 ਲੱਖ ਰੁਪਏ ਦਾ ਖਰਚ ਕੀਤਾ।

ਬਰਾਤ ਸ਼ਾਮ 5 ਵਜੇ ਫਿਲੌਰ ਪੁੱਜੀ ਅਤੇ ਬਰਾਤ ਦੀ ਚੰਗੀ ਖਾਤਿਰਦਾਰੀ ਕੀਤੀ। ਖਾਣ-ਪੀਣ ਤੋਂ ਬਾਅਦ ਲੜਕੇ ਦੇ ਪਿਤਾ ਨਵੀਨ ਅਤੇ ਮਾਤਾ ਮਧੂ ਨੇ ਲੜਕੀ ਦੇ ਪਿਤਾ ਨੂੰ ਕਿਹਾ ਕਿ ਵਿਆਹ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਬਰਾਤ ਦੀ ਖਾਤਿਰਦਾਰੀ ਉਸ ਤਰ੍ਹਾਂ ਨਹੀਂ ਹੋਈ, ਜਿਵੇਂ ਉਹ ਚਾਹੁੰਦੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਕੇ ’ਤੇ 5 ਸੋਨੇ ਦੀਆਂ ਅੰਗੂਠੀਆਂ ਲੈ ਕੇ ਆਉਣ ਦੀ ਮੰਗ ਕੀਤੀ। ਲੜਕੀ ਦੇ ਪਿਤਾ ਨੇ ਕਿਹਾ ਕਿ ਆਪਣੀ ਹੈਸੀਅਤ ਤੋਂ ਵਧ ਖਰਚ ਕਰ ਚੁੱਕਾ ਹੈ, ਹੋਰ ਖਰਚ ਨਹੀਂ ਕਰ ਸਕਦਾ। ਇਹ ਸੁਣ ਕੇ ਲਾੜਾ ਖੜ੍ਹਾ ਹੋ ਗਿਆ ਅਤੇ ਸਿਹਰਾ ਮੰਡਪ ’ਚ ਸੁੱਟ ਦਿੱਤਾ।

ਵਿਆਹ ’ਚ ਲੜਕੀ ਧਿਰ ਵੱਲੋਂ ਆਏ ਕੌਂਸਲਰ ਨੀਤੂ ਡਾਬਰ, ਸੁਰਿੰਦਰ ਡਾਬਰ, ਰਣਜੀਤ ਮਸੀਹ ਨੇ ਲਾੜੇ ਅਤੇ ਉਸ ਦੇ ਮਾਤਾ-ਪਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਇਕ ਨਾ ਮੰਨੀ ਅਤੇ ਬਿਨਾਂ ਵਿਆਹ ਕੀਤੇ ਬਰਾਤ ਵਾਪਸ ਲੈ ਗਏ, ਜਦ ਦੁਲਹਣ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਬੇਸੁੱਧ ਹੋ ਗਈ, ਜਿਸ ਨੂੰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਧਿਰ ਨੇ ਐੱਸ. ਐੱਸ. ਪੀ. ਜਲੰਧਰ ਦੇ ਦਫ਼ਤਰ ’ਚ ਪੇਸ਼ ਹੋ ਕੇ ਲਾੜੇ ਅਤੇ ਉਸ ਦੇ ਮਾਤਾ-ਪਿਤਾ ਖਿਲਾਫ਼ ਦਾਜ ਮੰਗਣ ਦੇ ਦੋਸ਼ ’ਚ ਸ਼ਿਕਾਇਤ ਦਿੰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *