PM ਮੋਦੀ ਨੇ G-7 ਦੇ 7ਵੇਂ ਕਾਰਜ ਸੈਸ਼ਨ ਨੂੰ ਕੀਤਾ ਸੰਬੋਧਨ, ਕਿਹਾ- ਅਸੀਂ ਇਤਿਹਾਸ ਦੇ ਮਹੱਤਵਪੂਰਨ ਮੋੜ ‘ਤੇ ਖੜ੍ਹੇ ਹਾਂ

ਜਲਵਾਯੂ ਪਰਿਵਰਤਨ ਦੀ ਚੁਣੌਤੀ ਨੂੰ ਊਰਜਾ ਦੇ ਸੰਦਰਭ ਤੋਂ ਬਾਹਰ ਦੇਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲੋੜਵੰਦ ਦੇਸ਼ਾਂ ਨੂੰ ਸਾਫ਼-ਸੁਥਰੀ ਟੈਕਨਾਲੋਜੀ ਟ੍ਰਾਂਸਫਰ ਅਤੇ ਸਸਤੇ ਕਰਜ਼ੇ ਮੁਹੱਈਆ ਨਹੀਂ ਕਰਵਾ ਸਕੇ ਤਾਂ ਅਸੀਂ ਇਸ ਸੰਕਟ ਤੋਂ ਨਿਜਾਤ ਨਹੀਂ ਪਾ ਸਕਾਂਗੇ। ਅੱਜ ਇੱਥੇ ਜੀ-7 ਦੇ ਸੱਤਵੇਂ ਕਾਰਜ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅੱਜ ਅਸੀਂ ਇਤਿਹਾਸ ਦੇ ਇਕ ਅਹਿਮ ਮੋੜ ‘ਤੇ ਖੜ੍ਹੇ ਹਾਂ।

ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ ਅਤੇ ਊਰਜਾ ਸੁਰੱਖਿਆ ਅਨੇਕ ਸੰਕਟਾਂ ਨਾਲ ਗ੍ਰਸਤ ਸੰਸਾਰ ਵਿੱਚ ਅੱਜ ਦੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ‘ਚੋਂ ਇਕ ਹਨ। ਇਨ੍ਹਾਂ ਵੱਡੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਇਕ ਰੁਕਾਵਟ ਇਹ ਹੈ ਕਿ ਅਸੀਂ ਜਲਵਾਯੂ ਪਰਿਵਰਤਨ ਨੂੰ ਊਰਜਾ ਦੇ ਨਜ਼ਰੀਏ ਤੋਂ ਹੀ ਦੇਖਦੇ ਹਾਂ। ਸਾਨੂੰ ਆਪਣੀ ਚਰਚਾ ਦਾ ਘੇਰਾ ਵਿਸ਼ਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਵਿੱਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਹੱਲ ਲਈ ਸਾਨੂੰ ਧਰਤੀ ਦੀ ਪੁਕਾਰ ਸੁਣਨੀ ਹੋਵੇਗੀ। ਤੁਹਾਨੂੰ ਆਪਣੇ ਵਿਹਾਰ ਨੂੰ ਉਸ ਅਨੁਸਾਰ ਬਦਲਣਾ ਪਵੇਗਾ।

ਇਸੇ ਭਾਵਨਾ ਨਾਲ ਭਾਰਤ ਨੇ ਮਿਸ਼ਨ ਲਾਈਫ, ਇੰਟਰਨੈਸ਼ਨਲ ਸੋਲਰ ਅਲਾਇੰਸ (ISA), ਡਿਜ਼ਾਸਟਰ ਰੈਜ਼ੀਲੈਂਟ ਇਨਫਰਾਸਟਰਕਚਰ ਅਲਾਇੰਸ (CDRI), ਮਿਸ਼ਨ ਹਾਈਡ੍ਰੋਜਨ, ਬਾਇਓਫਿਊਲ ਅਲਾਇੰਸ, ਬਿਗ ਕੈਟ ਅਲਾਇੰਸ ਵਰਗੇ ਸੰਸਥਾਗਤ ਹੱਲ ਲੱਭੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇ ਕਿਸਾਨ ‘ਹਰ ਬੂੰਦ, ਅਧਿਕ ਉਪਜ’ ਦੇ ਮਿਸ਼ਨ ‘ਤੇ ਚੱਲਦਿਆਂ ਪਾਣੀ ਦੀ ਹਰ ਬੂੰਦ ਨੂੰ ਬਚਾ ਕੇ ਤਰੱਕੀ ਅਤੇ ਵਿਕਾਸ ਦੇ ਰਾਹ ‘ਤੇ ਚੱਲ ਰਹੇ ਹਨ। ਅਸੀਂ 2070 ਤੱਕ ਨੈੱਟ ਜ਼ੀਰੋ ਦੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਤਰੱਕੀ ਕਰ ਰਹੇ ਹਾਂ।

Add a Comment

Your email address will not be published. Required fields are marked *