ਇਟਲੀ ’ਚ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, ਪਿਛਲੇ 100 ਸਾਲਾਂ ਦਾ ਤੋੜਿਆ ਰਿਕਾਰਡ

ਰੋਮ : ਬੀਤੇ ਕਈ ਦਿਨਾਂ ਤੋਂ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ‘ਚ ਆਏ ਹੜ੍ਹ ਨੇ ਲੋਕਾਂ ਦਾ ਜਨ-ਜੀਵਨ ਤਹਿਸ-ਨਹਿਸ ਕਰਕੇ ਰੱਖਿਆ ਹੋਇਆ ਹੈ। ਇਹ ਕੁਦਰਤੀ ਆਫ਼ਤ ਸਭ ਤੋਂ ਵੱਧ ਬਜ਼ੁਰਗਾਂ ਲਈ ਕਾਲ ਬਣ ਰਹੀ ਹੈ ਕਿਉਂਕਿ ਵਧੇਰੀ ਉਮਰ ਕਾਰਨ ਬਜ਼ੁਰਗਾਂ ਤੋਂ ਪਾਣੀ ਦੇ ਤੇਜ਼ ਵਹਾਅ ਦਾ ਮੁਕਾਬਲਾ ਨਹੀਂ ਹੋ ਰਿਹਾ, ਜਿਸ ਕਾਰਨ ਹੁਣ ਤੱਕ ਇਸ ਹੜ੍ਹ ਵਿੱਚ ਮਰਨ ਵਾਲਿਆਂ ‘ਚ ਵਧੇਰੇ ਉਮਰ ਦੇ ਲੋਕ ਹਨ। ਮੌਸਮ ਮਾਹਿਰਾਂ ਅਨੁਸਾਰ ਪਿਛਲੇ 100 ਸਾਲਾਂ ਦੌਰਾਨ ਆਏ ਹੜ੍ਹਾਂ ‘ਚੋਂ ਇਹ ਹੜ੍ਹ ਸਭ ਤੋਂ ਵੱਧ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਰਿਹਾ ਹੈ।

ਸੂਬੇ ਦੀਆਂ ਕਈ ਮੁੱਖ ਸੜਕਾਂ ਸਮੇਤ ਰੇਲ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਹਨ। ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋਣ ਦੇ ਨਾਲ ਮੋਬਾਇਲ ਵੀ ਖਰਾਬ ਮੌਸਮ ਕਾਰਨ ਨਾਂਹ ਦੇ ਬਰਾਬਰ ਹੀ ਚੱਲ ਰਹੇ ਹਨ। ਕਈ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਮੀਨ ਵੀ ਧੱਸ ਗਈ ਹੈ, ਜਿਹੜੀ ਕਿ ਤਬਾਹੀ ਦੀ ਤਸਵੀਰ ਨੂੰ ਹੋਰ ਵੀ ਭਿਆਨਕ ਬਣਾ ਰਹੀ ਹੈ। ਮਰਨ ਵਾਲਿਆਂ ‘ਚ ਇਕ ਬਜ਼ੁਰਗ ਜੋੜਾ ਜਿਹੜਾ ਕਿ ਫੋਰਲੀ-ਸੇਚੇਨਾ ਇਲਾਕੇ ਦੇ ਇਕ ਪਿੰਡ ਕਾਵਾ ਸਥਿਤ ਆਪਣੇ ਘਰ ਵਿੱਚ ਫਸਿਆ ਹੋਇਆ ਸੀ, ਨੂੰ ਲੋਕਾਂ ਨੇ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਫ਼ਸੋਸ ਸਭ ਬੇਕਾਰ ਸਿੱਧ ਹੋਇਆ, ਜਦੋਂ ਪਾਣੀ ਨੇ ਮਿੰਟਾਂ ਵਿੱਚ ਹੀ ਉਨ੍ਹਾਂ ਦੇ ਘਰ ਨੂੰ ਥਲ ਤੋਂ ਜਲ ਕਰ ਦਿੱਤਾ। ਬਜ਼ੁਰਗ ਜੋੜੇ ਦੀਆਂ ਚੀਕਾਂ ਮਾਰਦਿਆਂ ਹੀ ਮੌਤ ਹੋ ਗਈ। ਹੋਰ ਵੀ ਪਾਣੀ ਵਿੱਚ ਹੜ੍ਹ ਕੇ ਇਧਰੋਂ-ਉਧਰੋਂ ਮਿਲੀਆਂ ਲਾਸ਼ਾਂ ਜ਼ਿਆਦਾਤਰ ਬਜ਼ੁਰਗਾਂ ਦੀਆਂ ਹੀ ਸਨ।

ਕੁਦਰਤ ਦੇ ਇਸ ਕਹਿਰ ਨਾਲ ਸੂਬੇ ਵਿੱਚ 20 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ, ਜਿਹੜੇ ਕਿ ਰਾਹਤ ਕਰਮਚਾਰੀਆਂ ਨੇ ਸੁਰੱਖਿਆ ਕੈਂਪਾਂ ‘ਚ ਪਹੁੰਚਾ ਦਿੱਤੇ ਹਨ। 23 ਨਦੀਆਂ ਦੇ ਕਿਨਾਰੇ ਟੁੱਟਣ ਨਾਲ ਸੂਬੇ ਭਰ ਵਿੱਚ 280 ਅਜਿਹੀਆਂ ਥਾਵਾਂ ਹਨ, ਜਿੱਥੇ  ਕਿ ਜ਼ਮੀਨ ਧਸਣ ਨਾਲ ਲੋਕਾਂ ਦਾ ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ। 400 ਤੋਂ ਉਪਰ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਹੜ੍ਹ ਦੇ ਪਾਣੀ ਨੇ ਸੂਬੇ ਦੇ 42 ਸ਼ਹਿਰਾਂ ਤੋਂ ਵੱਧ ਸ਼ਹਿਰਾਂ ‘ਚ ਆਪਣੇ ਕਹਿਰ ਦੀ ਤਰਥੱਲੀ ਮਚਾ ਰੱਖੀ ਹੈ, ਜਿਸ ਨਾਲ ਅਰਬਾਂ ਯੂਰੋ ਦਾ ਨੁਕਸਾਨ ਇਟਲੀ ਨੂੰ ਝੱਲਣਾ ਪੈ ਰਿਹਾ ਹੈ। 15 ਲੋਕਾਂ ਲਈ ਇਹ ਹੜ੍ਹ ਕਾਲ ਬਣ ਚੁੱਕਾ ਹੈ। ਇਸ ਹੜ੍ਹ ‘ਚ ਫਸੇ ਲੋਕਾਂ ਲਈ ਰਾਹਤ ਕਾਰਜ ਕਰ ਰਹੇ ਕਰਮਚਾਰੀਆਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਤ ਕਾਰਜ ਵਿੱਚ ਲੱਗਾ ਇਕ ਹੈਲੀਕਾਪਟਰ ਵੀ ਕ੍ਰੈਸ਼ ਹੋ ਜਾਣ ਦੀ ਵੀ ਖ਼ਬਰ ਆ ਰਹੀ ਹੈ, ਜਿਸ ਵਿੱਚ ਸਵਾਰ 3-4 ਲੋਕ ਜ਼ਖ਼ਮੀ ਹੋ ਗਏ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 11 ਸਾਲ ਪਹਿਲਾਂ 20 ਮਈ 2012 ਨੂੰ ਇਟਲੀ ਦੇ ਇਸ ਸੂਬੇ ਵਿੱਚ ਭੂਚਾਲ ਆਇਆ ਸੀ, ਜਿਸ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕਰਦਿਆਂ 28 ਲੋਕਾਂ ਦੀ ਜਾਨ ਲੈ ਲਈ ਸੀ ਤੇ ਹੁਣ 11 ਸਾਲ ਬਆਦ ਇਸ ਇਲਾਕੇ ਵਿੱਚ ਹੜ੍ਹ ਦੀ ਤਬਾਹੀ ਦਾ ਮੰਜ਼ਰ ਲੋਕਾਂ ਦੇ ਪੁਰਾਣੇ ਜ਼ਖ਼ਮ ਹਰੇ ਕਰ ਰਿਹਾ ਹੈ, ਜਿਸ ਨੂੰ ਯਾਦ ਕਰ ਇਲਾਕਾ ਨਿਵਾਸੀ ਕਾਫ਼ੀ ਭਾਵੁਕ ਦੇਖੇ ਜਾ ਰਹੇ ਹਨ। ਮੌਸਮ ਮਾਹਿਰਾਂ ਅਨੁਸਾਰ ਇਟਲੀ ਵਿੱਚ ਹੜ੍ਹ ਆਉਣ ਦਾ ਵੱਡਾ ਕਾਰਨ ਜਲਵਾਯੂ ਦਾ ਬਦਲਾਅ ਹੈ। ਦੇਸ਼ ਵਿੱਚ ਪੈ ਰਹੇ ਕਈ ਸਾਲਾਂ ਤੋਂ ਸੋਕੇ ਕਾਰਨ ਜ਼ਮੀਨ ‘ਚ ਪਾਣੀ ਸੋਖ਼ਣ ਦੀ ਸਮਰੱਥਾ ਘੱਟ ਗਈ ਹੈ ਕਿਉਂਕਿ ਮਿੱਟੀ ਸੰਕੁਚਿਤ ਹੋ ਗਈ ਹੈ, ਜਿਹੜੀ ਕਿ ਮੀਂਹ ਦੇ ਬੇਲੋੜੇ ਪਾਣੀ ਨੂੰ ਸਾਂਭਣ ਵਿੱਚ ਅਸਮਰੱਥ ਹੈ। ਨਤੀਜੇ ਵਜੋਂ ਇਟਲੀ ਨੂੰ ਖਰਾਬ ਮੌਸਮ ਦੇ ਚੱਲਦਿਆਂ ਹੜ੍ਹਾਂ ਦੀ ਮਾਰ ਝੱਲਣੀ ਹੈ ਰਹੀ ਹੈ।

Add a Comment

Your email address will not be published. Required fields are marked *