ਸਰਦੀਆਂ ਦੇ ਫਲੂ, ਕੋਵਿਡ ਕੇਸਾਂ ’ਚ ਵਾਧੇ ਕਾਰਨ ਹਸਪਤਾਲਾਂ ’ਤੇ ਮੁੜ ਵਧਿਆ ਦਬਾਅ: ਨਿਕੋਲਾ ਸਟਰਜਨ

ਗਲਾਸਗੋ: ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪ੍ਰੈੱਸ ਵਾਰਤਾ ਦੌਰਾਨ ਸਕਾਟਲੈਂਡ ਦੇ ਹਸਪਤਾਲਾਂ ਦੇ ਨੱਕੋ-ਨੱਕ ਭਰੇ ਹੋਣ ਬਾਰੇ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਫਲੂ, ਕੋਵਿਡ ਕੇਸਾਂ ’ਚ ਵਾਧੇ ਅਤੇ ਸਟਰੈਪ ਏ ਦੇ ਕੇਸਾਂ ਕਾਰਨ ਹਸਪਤਾਲਾਂ ’ਤੇ ਮੁੜ ਦਬਾਅ ਵਧਿਆ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਮਰੀਜ਼ਾਂ ਨੂੰ ਡਿਸਚਾਰਜ ਕਰਨ ਅਤੇ ਇਲਾਜ ਕਾਰਜਾਂ ’ਚ ਤੇਜ਼ੀ ਲਿਆਉਣ ਦੀ ਬੇਹੱਦ ਲੋੜ ਹੈ। ਛੁੱਟੀਆਂ ਦੇ ਦਿਨਾਂ ’ਚ ਐੱਨ. ਐੱਚ. ਐੱਸ. ਨੂੰ ਲੱਗਭਗ 10000 ਕਾਲਾਂ ਆਈਆਂ, ਜੋ ਇਸ ਦਹਾਕੇ ’ਚ ਸਭ ਤੋਂ ਵਧੇਰੇ ਹਨ। ਸਕਾਟਿਸ਼ ਸਰਕਾਰ ਦੇ ਸੇਂਟ ਐਂਡਰਿਊਜ਼ ਹਾਊਸ ਹੈੱਡਕੁਆਰਟਰ ਤੋਂ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਦੀਆਂ ਦਾ ਮੌਸਮ ਐੱਨ. ਐੱਚ. ਐੱਸ. ਲਈ ਬਹੁਤ ਹੀ ਚੁਣੌਤੀ ਭਰਿਆ ਹੈ।

ਪਿਛਲੇ ਹਫ਼ਤੇ ਹਸਪਤਾਲਾਂ ’ਚ ਕੋਵਿਡ ਨਾਲ ਸਬੰਧਿਤ 400 ਅਤੇ 1000 ਤੋਂ ਵਧੇਰੇ ਸਰਦੀਆਂ ਦੇ ਫਲੂ ਨਾਲ ਸਬੰਧਿਤ ਮਰੀਜ਼ ਦਾਖਲ ਹੋਏ। ਐਂਬੂਲੈਂਸਾਂ ਨੂੰ 16000 ਥਾਵਾਂ ‘ਤੇ ਭੱਜ-ਨੱਠ ਕਰਨੀ ਪਈ, ਜੋ ਪਿਛਲੇ ਚਾਰ ਹਫ਼ਤਿਆਂ ਨਾਲੋਂ 11 ਫੀਸਦੀ ਵਧੇਰੇ ਹੈ। ਇਸ ਸਭ ਕੁਝ ਦੇ ਚਲਦਿਆਂ ਜਿੱਥੇ ਸਿਹਤ ਸਕੱਤਰ ਹਮਜ਼ਾ ਯੂਸਫ ਦੀ ਆਲੋਚਨਾ ਹੋ ਰਹੀ ਹੈ ਕਿ ਉਨ੍ਹਾਂ ਵੱਲੋਂ ਐੱਨ. ਐੱਚ. ਐੱਸ. ਸਟਾਫ ਦੇ ਵਿਸ਼ਵਾਸ ਨੂੰ ਖੋਰਾ ਲਾਇਆ ਗਿਆ ਹੈ ਅਤੇ ਨਿਕੋਲਾ ਸਟਰਜਨ ’ਤੇ ਵਿਰੋਧੀਆਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਹਮਜ਼ਾ ਯੂਸਫ ਨੂੰ ਅਹੁਦੇ ਤੋਂ ਹਟਾਇਆ ਜਾਵੇ। ਦੂਜੇ ਪਾਸੇ ਵਿਰੋਧੀਆਂ ਦੇ ਬਿਆਨਾਂ ਨੂੰ ਨਕਾਰਦਿਆਂ ਨਿਕੋਲਾ ਸਟਰਜਨ ਦਾ ਕਹਿਣਾ ਹੈ ਕਿ ਸਿਹਤ ਸਕੱਤਰ ਬਹੁਤ ਵਧੀਆ ਕੰਮ ਕਰ ਰਹੇ ਹਨ। 

Add a Comment

Your email address will not be published. Required fields are marked *