5 ਸਤੰਬਰ ਨੂੰ ਮੁੜ ਖੁੱਲ੍ਹ ਰਿਹਾ VFS ਗਲੋਬਲ ਜਲੰਧਰ ਤੇ ਚੰਡੀਗੜ੍ਹ ਦਫ਼ਤਰ

ਰੋਮ/ਇਟਲੀ  – ਉਨ੍ਹਾਂ ਤਮਾਮ ਮੁਰਝਾਏ ਚੇਹਰਿਆਂ ‘ਤੇ ਪਲਾਂ ‘ਚ ਹੀ ਲਾਲੀ ਛਾ ਜਾਵੇਗੀ, ਜਿਹੜੇ ਪੰਜਾਬ ਵਿੱਚ ਵੀ.ਐੱਫ.ਐੱਸ. ਗਲੋਬਲ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਬੰਦ ਹੋਣ ਕਾਰਨ ਅਖੌਤੀ ਠੱਗ ਟਰੈਵਲ ਏਜੰਟਾਂ ਤੋਂ ਇਟਲੀ ਅੰਬੈਸੀ ਦਿੱਲੀ ਵਿੱਚ ਇਟਲੀ ਦਾ ਵੀਜ਼ਾ ਲੈਣ ਲਈ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਸਨ। ਕਈ ਨੌਜਵਾਨ ਬੇਵਸੀ ਵਿੱਚ ਇਨ੍ਹਾਂ ਏਜੰਟਾਂ ਕੋਲ ਹਜ਼ਾਰਾਂ ਰੁਪਏ ਦੇ ਕੇ ਵੀ ਧੱਕੇ ਹੀ ਖਾ ਰਹੇ ਸਨ ਤੇ ਇਹ ਠੱਗ ਏਜੰਟ ਉਨ੍ਹਾਂ ਨੂੰ ਮਿੱਠੀਆਂ ਗੋਲੀਆਂ ਦੇਣ ਦੇ ਹੋਰ ਕੁਝ ਨਹੀਂ ਸਨ ਕਰ ਰਹੇ। ਜਦੋਂ ਉਨ੍ਹਾਂ ਨੌਜਵਾਨਾਂ ਨੇ ਇਹ ਖ਼ਬਰ ਪੜ੍ਹੀ ਕਿ ਪਿਛਲੇ  ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਲੰਧਰ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਵੀ.ਐੱਫ.ਐੱਸ. ਗਲੋਬਲ ਦਫ਼ਤਰ 5 ਸਤੰਬਰ ਦਿਨ ਸੋਮਵਾਰ ਤੋਂ ਮੁੜ ਖੁੱਲ੍ਹ ਰਹੇ ਹਨ, ਜਿਨ੍ਹਾਂ ਰਾਹੀਂ ਬਿਨੈਕਾਰ ਇਟਲੀ ਦੇ ਵੀਜ਼ੇ ਲਈ ਅਰਜ਼ੀਆਂ ਇਨ੍ਹਾਂ ਦਫ਼ਤਰਾਂ ਵਿੱਚ ਜਮ੍ਹਾ ਕਰਵਾ ਸਕਦੇ ਹਨ।

ਇਹ ਮਹੱਤਵਪੂਰਨ ਜਾਣਕਾਰੀ ਵੀ.ਐੱਫ.ਐੱਸ. ਗਲੋਬਲ ਵੱਲੋਂ ਆਪਣੀ ਵੈੱਬ ਸਾਈਟ ਰਾਹੀਂ ਨਸ਼ਰ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਫ਼ਤਰਾਂ ਦੇ ਬੰਦ ਹੋਣ ਨਾਲ ਉਨ੍ਹਾਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਸੀ, ਜਿਨ੍ਹਾਂ ਇਟਲੀ ਕੰਮ ਕਰਨ ਜਾਂ ਪਰਿਵਾਰ ਕੋਲ ਜਾਣਾ ਸੀ। ਦਿੱਲੀ ਵਿੱਚ ਸਥਿਤ ਇਟਲੀ ਅੰਬੈਸੀ ਬਿਨੈਕਰਤਾ ਨੂੰ ਸੌਖੇ ਢੰਗ ਨਾਲ ਪੇਪਰ ਜਮ੍ਹਾਂ ਕਰਵਾਉਣ ਦਾ ਸਮਾਂ ਨਹੀਂ ਦੇ ਰਹੀ ਸੀ, ਜਿਸ ਕਾਰਨ ਕੁਝ ਅਖੌਤੀ ਠੱਗ ਏਜੰਟਾਂ ਨੇ ਇਟਲੀ ਅੰਬੈਸੀ ਦਿੱਲੀ ਵਿੱਚ ਪੇਪਰ ਜਮ੍ਹਾ ਕਰਵਾਉਣ ਦੀ ਤਾਰੀਖ ਲੈ ਕੇ ਦੇਣ ਲਈ ਮਜਬੂਰ ਲੋਕਾਂ ਨੂੰ ਦੋਵੇਂ ਹੱਥੀਂ ਰੱਜ ਕੇ ਲੁੱਟਿਆ ਤੇ ਸੈਂਕੜਿਆਂ ‘ਚ ਮਿਲਣ ਵਾਲੀ ਪੇਪਰ ਜਮ੍ਹਾ ਕਰਵਾਉਣ ਵਾਲੀ ਤਾਰੀਖ ਦੀ ਲੱਖ ਤੋਂ ਉਪਰ ਨਿਲਾਮੀ ਕੀਤੀ ਪਰ ਸਿਆਣਿਆਂ ਕਿਹਾ 100 ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ ਵਾਂਗਰ ਜਲੰਧਰ ਤੇ ਚੰਡੀਗੜ੍ਹ ਦੇ ਦਫ਼ਤਰ ਖੁੱਲ੍ਹਣ ਨਾਲ ਹੁਣ ਇਸ ਗੋਰਖਧੰਦੇ ਨੂੰ ਠੱਲ੍ਹ ਪੈ ਜਾਵੇਗੀ। ਕੁਝ ਨੌਜਵਾਨ ਤਾਂ ਠੱਗ ਏਜੰਟਾਂ ਖ਼ਿਲਾਫ਼ ਕੇਸ ਦਰਜ ਨੂੰ ਵੀ ਤੱਤੇ ਹੋਏ ਦੇਖੇ ਗਏ।

Add a Comment

Your email address will not be published. Required fields are marked *