ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ

ਲੁਧਿਆਣਾ : ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਇਹ ਕਹਾਵਤ ਉਦੋਂ ਬਿਲਕੁਲ ਸੱਚ ਸਾਬਤ ਹੋ ਗਈ, ਜਦੋਂ ਦਿੱਲੀ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਬ੍ਰਿਜ ਲਾਲ ਦਾ ਪੰਜਾਬ ’ਚ ਢਾਈ ਕਰੋੜ ਰੁਪਏ ਦਾ ਹੋਲੀ ਬੰਪਰ ਨਿਕਲਿਆ। ਬ੍ਰਿਜ ਲਾਲ ਦੀ ਕਿਸਮਤ ਉਸ ਨੂੰ ਦਿੱਲੀ ਤੋਂ ਲੁਧਿਆਣਾ ਗਾਂਧੀ ਬ੍ਰਦਰਜ਼ ਲਾਟਰੀ ਸਟਾਲ ਤੋਂ ਇਹ ਲਾਟਰੀ ਟਿਕਟ ਖਰੀਦਣ ਲਈ ਖਿੱਚ ਲਿਆਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਤਾਂ ਅਜੇ ਤਕ ਵਿਸ਼ਵਾਸ ਹੀ ਨਹੀਂ ਹੋ ਰਿਹਾ ਹੈ ਕਿ ਮੈਂ ਕਰੋੜਪਤੀ ਬਣ ਗਿਆ ਹਾਂ।

ਮੈਂ ਪਹਿਲਾਂ ਵੀ ਲੁਧਿਆਣੇ ਤੋਂ ਟਿਕਟ ਮੰਗਵਾ ਲੈਂਦਾ ਸੀ ਪਰ ਇਹ ਪਹਿਲੀ ਵਾਰ ਹੈ ਕਿ ਦੁਕਾਨ ’ਤੇ ਆ ਕੇ ਇਨ੍ਹਾਂ ਵੱਲੋਂ ਚੁਣੀ ਹੋਈ ਲਾਟਰੀ ਦੀ ਟਿਕਟ ਖ਼ਰੀਦੀ ਸੀ। ਡਰਾਅ ਨਿਕਲਣ ਮਗਰੋਂ ਜਦੋਂ ਇਨ੍ਹਾਂ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਤਾਂ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰਾ ਢਾਈ ਕਰੋੜ ਦਾ ਇਨਾਮ ਨਿਕਲਿਆ ਹੈ। ਉਸ ਨੇ ਕਿਹਾ ਕਿ ਮੈਂ ਤਾਂ ਸੋਚਿਆ ਸੀ ਕਿ ਕੋਈ ਛੋਟਾ-ਮੋਟਾ ਇਨਾਮ ਨਿਕਲਿਆ ਹੋਵੇਗਾ ਪਰ ਜਦੋਂ ਪਤਾ ਲੱਗਾ ਕਿ ਢਾਈ ਕਰੋੜ ਦਾ ਇਨਾਮ ਨਿਕਲਿਆ ਹੈ ਤਾਂ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਦੱਸਿਆ ਕਿ ਉਹ ਫੈਕਟਰੀ ’ਚ ਕਟਿੰਗ ਮਾਸਟਰ ਹੈ ਅਤੇ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਉਹ ਆਪਣੇ ਪਿੰਡ ਰਿਸ਼ਤੇਦਾਰਾਂ ਦੇ ਘਰ ਗਿਆ ਹੋਇਆ ਸੀ ਕਿ ਮੈਨੂੰ ਲਾਟਰੀ ਦੀ ਦੁਕਾਨ ਤੋਂ ਫੋਨ ਆਇਆ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਟਿਕਟ ਫੈਕਟਰੀ ’ਚ ਪਈ ਹੋਈ ਹੈ ਤੇ ਅਗਲੇ ਦਿਨ ਆ ਕੇ ਉਥੋਂ ਟਿਕਟ ਚੁੱਕੀ। ਬ੍ਰਿਜ ਲਾਲ ਨੇ ਦੱਸਿਆ ਕਿ ਮੈਨੂੰ ਪੂਰੀ ਰਾਤ ਖ਼ੁਸ਼ੀ ’ਚ ਨੀਂਦ ਹੀ ਨਹੀਂ ਆਈ। ਉਸ ਦੀ ਪਤਨੀ ਉਸ ਨੂੰ ਲਾਟਰੀ ਦੀ ਟਿਕਟ ਖਰੀਦਣ ’ਤੇ ਗੁੱਸੇ ਹੁੰਦੀ ਸੀ ਕਿ ਮੈਂ ਪੈਸੇ ਖ਼ਰਾਬ ਕਰਦਾ ਰਹਿੰਦਾ ਹਾਂ ਪਰ ਹੁਣ ਢਾਈ ਕਰੋੜ ਦਾ ਇਨਾਮ ਨਿਕਲਣ ’ਤੇ ਉਸ ਦੇ ਖੁਸ਼ੀ ’ਚ ਹੰਝੂ ਨਹੀਂ ਰੁਕ ਰਹੇ। ਉਸ ਨੇ ਦੱਸਿਆ ਕਿ ਉਹ ਲਾਟਰੀ ਦੇ ਪੈਸਿਆਂ ਨਾਲ ਆਪਣਾ ਘਰ ਤਿਆਰ ਕਰਵਾਏਗਾ। ਆਪਣੀ ਧੀ ਦਾ ਵਿਆਹ ਤੇ ਦੋ ਪੁੱਤਰਾਂ ਨੂੰ ਪੜ੍ਹਾਈ-ਲਿਖਾਈ ਕਰਵਾਏਗਾ। ਉਸ ਦੀ ਪਤਨੀ ਨੇ ਕਿਹਾ ਕਿ ਲਾਟਰੀ ਨਿਕਲਣ ਨਾਲ ਹੁਣ ਸਾਰੇ ਸੁਫ਼ਨੇ ਪੂਰੇ ਹੋ ਜਾਣਗੇ। 

Add a Comment

Your email address will not be published. Required fields are marked *