ਕਰਨਾਟਕ ਦਾ ‘ਕਿੰਗ’ ਤੈਅ ਕਰਨਾ ਕਾਂਗਰਸ ਲਈ ਬਣਿਆ ਗਲੇ ਦੀ ਹੱਡੀ, ਹੁਣ ਹਾਈਕਮਾਨ ’ਤੇ ਟਿਕੀਆਂ ਨਜ਼ਰਾਂ

ਨਵੀਂ ਦਿੱਲੀ- ਕਰਨਾਟਕ ਦੀ ਜਨਤਾ ਨੇ ਜਿਸ ਤਰ੍ਹਾਂ 224 ’ਚੋਂ 135 ਸੀਟਾਂ ਜਿਤਾ ਕੇ ਕਾਂਗਰਸ ਨੂੰ ਸਪੱਸ਼ਟ ਬਹੁਮਤ ਦਿੱਤਾ ਹੈ, ਮੁੱਖ ਮੰਤਰੀ ਤੈਅ ਕਰਨ ਨੂੰ ਲੈ ਕੇ ਪਾਰਟੀ ਉਸ ਤਰ੍ਹਾਂ ਨਾਲ ਸਪੱਸ਼ਟ ਨਹੀਂ ਹੈ। ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀ. ਕੇ. ਸ਼ਿਵਕੁਮਾਰ ’ਚੋਂ ਕੌਣ ਕਰਨਾਟਕ ਦਾ ਕਿੰਗ ਬਣੇਗਾ, ਇਹ ਤੈਅ ਕਰਨ ਲਈ ਪਾਰਟੀ ਦੇ ਚੋਟੀ ਦੇ ਨੇਤਾ ਪਸੀਨਾ ਵਹਾ ਰਹੇ ਹਨ। ਦੋਵੇਂ ਮਜ਼ਬੂਤ ​​ਦਾਅਵੇਦਾਰ ਹਨ। ਫਿਲਹਾਲ ਪਾਰਟੀ ਦੇ ਆਬਜ਼ਰਵਰ ਵਿਧਾਇਕ ਦਲ ਦੀ ਰਾਏ ਲੈ ਕੇ ਦਿੱਲੀ ਪਹੁੰਚ ਗਏ ਹਨ।

ਮਾਮਲਾ ਹੁਣ ਹਾਈਕਮਾਂਡ ਦੀ ਅਦਾਲਤ ’ਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਮੁੱਖ ਮੰਤਰੀ ਨੂੰ ਤੈਅ ਕਰਨ ’ਚ ਹੁਣ ਇਕ-ਦੋ ਦਿਨ ਦਾ ਸਮਾਂ ਹੋਰ ਲੱਗ ਸਕਦਾ ਹੈ। ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਨੂੰ ਲੈ ਕੇ ਨਵੇਂ ਚੁਣੇ ਗਏ ਵਿਧਾਇਕਾਂ ਦੇ ਵਿਚਾਰ ਜਾਣਨ ਤੋਂ ਬਾਅਦ, 3 ਆਬਜ਼ਰਵਰਾਂ-ਸੁਸ਼ੀਲ ਕੁਮਾਰ ਸ਼ਿੰਦੇ, ਜਿਤੇਂਦਰ ਸਿੰਘ ਅਤੇ ਦੀਪਕ ਬਾਬਰੀਆ ਨੇ ਸੋਮਵਾਰ ਨੂੰ ਇੱਥੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਆਬਜ਼ਰਵਰਾਂ ਨੇ ਆਪਣੀ ਰਿਪੋਰਟ ਖੜਗੇ ਨੂੰ ਸੌਂਪ ਦਿੱਤੀ ਹੈ। ਹੁਣ ਖੜਗੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਦਾ ਫੈਸਲਾ ਕਰਨਗੇ।

ਇਸ ਤੋਂ ਪਹਿਲਾਂ, 3 ਆਬਜ਼ਰਵਰਾਂ ਨੇ ਐਤਵਾਰ ਰਾਤ ਨੂੰ ਬੇਂਗਲੁਰੂ ਦੇ ਇਕ ਨਿੱਜੀ ਹੋਟਲ ’ਚ ਵਿਧਾਇਕਾਂ ਨਾਲ ਕਈ ਘੰਟੇ ਗੱਲਬਾਤ ਕੀਤੀ ਅਤੇ ਅਗਲੇ ਮੁੱਖ ਮੰਤਰੀ ਲਈ ਗੁਪਤ ਵੋਟਿੰਗ ਕੀਤੀ। ਸ਼ਿੰਦੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਰਿਪੋਰਟ ਗੁਪਤ ਹੈ, ਜਿਸ ਦਾ ਖੁਲਾਸਾ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਹੀ ਕਰ ਸਕਦੇ ਹਨ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਵੀ ਦਿੱਲੀ ਪਹੁੰਚ ਗਏ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਹੈ। ਉਨ੍ਹਾਂ ਦੇ ਨਾਲ ਡੀ. ਕੇ. ਸ਼ਿਵਕੁਮਾਰ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ ਪਰ ਆਖਰੀ ਸਮੇਂ ’ਤੇ ਉਨ੍ਹਾਂ ਨੇ ਪੇਟ ਦੀ ਇਨਫੈਕਸ਼ਨ ਦਾ ਹਵਾਲਾ ਦਿੰਦੇ ਹੋਏ ਆਪਣਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ। ਇਸ ਨਾਲ ਇਨ੍ਹਾਂ ਅਟਕਲਾਂ ਨੂੰ ਹੁਲਾਰਾ ਮਿਲ ਰਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਦੇ ਮੁੱਦੇ ’ਤੇ ਪਾਰਟੀ ’ਚ ਸਭ ਕੁਝ ਠੀਕ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨਾਲ ਸ਼ਿਵਕੁਮਾਰ ਦੀ ਤਕਰਾਰ ਤੇਜ਼ ਹੋ ਗਈ ਹੈ। ਦੋਵਾਂ ਦੇ ਸਮਰਥਕਾਂ ਵੱਲੋਂ ਸੂਬੇ ਭਰ ’ਚ ਪੋਸਟਰ ਲਾਏ ਜਾ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਸਿੱਧਰਮਈਆ ਭਾਰੀ ਪੈ ਰਹੇ ਹਨ।

Add a Comment

Your email address will not be published. Required fields are marked *