ਕਰਨਾਟਕ: ਮੁੱਖ ਮੰਤਰੀ ਚੁਣਨ ਦੇ ਅਧਿਕਾਰ ਖੜਗੇ ਨੂੰ ਸੌਂਪੇ

ਨਵੀਂ ਦਿੱਲੀ, 14 ਮਈ-: ਮੁੱਖ ਮੰਤਰੀ ਦੇ ਅਹੁਦੇ ਲਈ ਦੋ ਪ੍ਰਮੁੱਖ ਦਾਅਵੇਦਾਰਾਂ ਸਿੱਧਾਰਮਈਆ (75) ਤੇ ਡੀ.ਕੇ.ਸ਼ਿਵਕੁਮਾਰ (60) ਵਿਚਾਲੇ ਲੱਗੀ ਦੌੜ ਦਰਮਿਆਨ ਕਰਨਾਟਕ ਦੇ ਨਵੇਂ ਚੁਣੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਕਾਂਗਰਸ ਵਿਧਾਇਕ ਦਲ ਦਾ ਆਗੂ ਚੁਣਨ ਦੇ ਅਧਿਕਾਰ ਸੌਂਪ ਦਿੱਤੇ ਹਨ। ਨਵਾਂ ਚੁਣਿਆ ਆਗੂ ਹੀ ਸੂਬੇ ਦਾ ਅਗਲਾ ਮੁੱਖ ਮੰਤਰੀ ਹੋਵੇਗਾ। ਕਾਂਗਰਸ ਵਿਧਾਇਕ ਦਲ ਦੀ ਅਹਿਮ ਮੀਟਿੰਗ ਅੱਜ ਇਥੇ ਨਿੱਜੀ ਹੋਟਲ ਵਿੱਚ ਹੋਈ, ਜਿੱਥੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਵਿਧਾਇਕ ਦਲ ਦਾ ਆਗੂ ਚੁਣਨ ਦੇ ਅਧਿਕਾਰ ਖੜਗੇ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ। 

ਮੀਟਿੰਗ ਵਿੱਚ ਵਿਧਾਇਕਾਂ ਤੋਂ ਇਲਾਵਾ ਏਆਈਸੀਸੀ ਵੱਲੋਂ ਨਿਯੁਕਤ ਕੀਤੇ ਤਿੰਨ ਕੇਂਦਰੀ ਨਿਗਰਾਨ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਏਆਈਸੀਸੀ ਦੇ ਜਨਰਲ ਸਕੱਤਰ ਜਿਤੇਂਦਰ ਸਿੰਘ ਤੇ ਸਾਬਕਾ ਜਨਰਲ ਸਕੱਤਰ ਦੀਪਕ ਬਾਬਰੀਆ, ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਤੇ ਜਨਰਲ ਸਕੱਤਰ (ਜਥੇਬੰਦੀ) ਕੇ.ਸੀ.ਵੇਣੂਗੋਪਾਲ ਮੌਜੂਦ ਸਨ। ਉਂਜ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਤਿੰਨ ਕੇਂਦਰੀ ਨਿਗਰਾਨਾਂ ਤੇ ਵੇਣੂਗੋਪਾਲ ਨੇ ਮੌਜੂਦਾ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸਿੱਧਾਰਮਈਆ ਤੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ।

ਉਧਰ ਹੋਟਲ ਦੇ ਬਾਹਰ ਮੌਜੂਦ ਸਿੱਧਾਰਮਈਆ ਤੇ ਸ਼ਿਵ ਕੁਮਾਰ ਦੇ ਸਮਰਥਕਾਂ ਨੇ ਆਪੋ ਆਪਣੇ ਆਗੂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਕਾਂਗਰਸ ਹਾਈ ਕਮਾਨ ਨੇ ਦੋਵਾਂ ਆਗੂਆਂ ਨੂੰ ਭਲਕੇ ਦਿੱਲੀ ਸੱਦ ਲਿਆ ਹੈ। ਵਿਧਾਇਕ ਦਲ ਦੀ ਪਲੇਠੀ ਮੀਟਿੰਗ ਵਿੱਚ ਪਾਸ ਮਤੇ ਰਾਹੀਂ ਸਾਢੇ ਛੇ ਕਰੋੜ ਕੰਨੜ ਲੋਕਾਂ ਵੱਲੋਂ ਕਾਂਗਰਸ ਵਿੱਚ ਜਤਾਏ ਵਿਸ਼ਵਾਸ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਵਿਧਾਇਕਾਂ ਨੇ ਸਾਬਕਾ ਕਾਂਗਰਸ ਪ੍ਰਧਾਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਦੋ ਮਤੇ ਰੱਖੇ ਗਏ। ਪਹਿਲਾ ਮਤਾ ਸੂਬਾਈ ਕਾਂਗਰਸ ਪ੍ਰਧਾਨ ਸ਼ਿਵਕੁਮਾਰ ਨੇ ਰੱਖਿਆ, ਜਿਸ ਵਿੱਚ ਸਾਰੇ ਆਗੂਆਂ, ਪਾਰਟੀ ਵਰਕਰਾਂ ਤੇ ਕਰਨਾਟਕ ਦੇ ਸਾਢੇ ਛੇ ਕਰੋੜ ਲੋਕਾਂ ਦਾ ਧੰਨਵਾਦ ਕੀਤਾ ਗਿਆ। ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਖੜਗੇ ਨੂੰ ਸੌਂਪਣ ਬਾਰੇ ਦੂਜਾ ਇਕ ਲਾਈਨ ਦਾ ਮਤਾ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਵੱਲੋ ਰੱਖਿਆ ਗਿਆ। ਸੁਰਜੇਵਾਲਾ ਨੇ ਕਿਹਾ, ‘‘ਵਿਧਾਇਕ ਹੁਣ ਰਾਤ ਦੀ ਦਾਅਵਤ ਮਗਰੋਂ ਕੇਂਦਰੀ ਨਿਗਰਾਨਾਂ ਨੂੰ ਮਿਲਣਗੇ ਤੇ ਉਨ੍ਹਾਂ ਦਾ ਫੈਸਲਾ ਪਾਰਟੀ ਪ੍ਰਧਾਨ (ਖੜਗੇ) ਤੱਕ ਪਹੁੰਚਾ ਦਿੱਤਾ ਜਾਵੇਗਾ। ਪਾਰਟੀ ਪ੍ਰਧਾਨ ਵਿਧਾਇਕਾਂ ਦੀ ਰਾਏ ਮੁਤਾਬਕ ਉਨ੍ਹਾਂ ਦਾ ਨਵਾਂ ਆਗੂ ਚੁਣਨਗੇ।’’ ਸ਼ਿਵਕੁਮਾਰ ਨੂੰ ਜਿੱਥੇ ਕਾਂਗਰਸ ਪਾਰਟੀ ਲਈ ‘ਸੰਕਟਮੋਚਕ’ ਮੰਨਿਆ ਜਾਂਦਾ ਹੈ ਉਥੇ ਸਿੱਧਾਰਮਈਆ ਦੀ ਪੂਰੇ ਕਰਨਾਟਕ ਵਿੱਚ ਪੈਂਠ ਮੰਨੀ ਜਾਂਦੀ ਹੈ।

ਉਧਰ ਡੀ.ਕੇ.ਸ਼ਿਵਕੁਮਾਰ ਨੇ ਅੱਜ ਦਿਨੇਂ ਸੰਕੇਤ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਸੀ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰੇ ਹਨ ਤੇ ਆਪਣੇ ਲਈ ਕਦੇ ਕਿਸੇ ਤੋਂ ਕੁਝ ਨਹੀਂ ਮੰਗਿਆ। ਸ਼ਿਵਕੁਮਾਰ ਨੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨਾਲ ਕਿਸੇ ਤਰ੍ਹਾਂ ਦੇ ਵੱਖਰੇਵੇਂ ਹੋਣ ਤੋਂ ਇਨਕਾਰ ਕੀਤਾ ਸੀ। ਟੁਮਕੁਰੂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਕੁਮਾਰ ਨੇ ਕਿਹਾ ਸੀ ਕਿ ਕਾਂਗਰਸ ਹਾਈ ਕਮਾਨ ਤੇ ਵਿਧਾਇਕ ਦਲ ਵੱਲੋਂ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਜਦੋਂ ਸਾਲ 2019 ਦੀਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਸਿੱਧਾਰਮਈਆ ਤੇ ਦਿਨੇਸ਼ ਗੁੰਡੂ ਰਾਓ ਨੇ ਕ੍ਰਮਵਾਰ ਕਾਂਗਰਸ ਵਿਧਾਇਕ ਦਲ ਦੇ ਪ੍ਰਧਾਨ ਅਤੇ ਕਰਨਾਟਕ ਇਕਾਈ ਦੇ ਪ੍ਰਧਾਨ ਵਜੋਂ ਅਸਤੀਫ਼ਾ ਦਿੱਤਾ ਸੀ, ਤਾਂ ਉਸ ਵੇਲੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਵਿੱਚ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਕਰਨਾਟਕ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ।  

ਉਧਰ ਅੱਜ ਦਿਨੇਂ ਬੰਗਲੂਰੂ ਤੋਂ ਦਿੱਲੀ ਪੁੱਜੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਅਸੈਂਬਲੀ ਚੋਣਾਂ ਵਿੱਚ ਅਜੇ ਤੱਕ ਸਭ ਕੁਝ ਪਾਰਟੀ ਦੇ ਹੱਕ ਵਿੱਚ ਗਿਆ ਹੈ ਤੇ ਜਲਦੀ ਹੀ ਸੂਬੇ ’ਚ ਸਰਕਾਰ ਦਾ ਗਠਨ ਕੀਤਾ ਜਾਵੇਗਾ। ਪਿਛਲੀ ਕਰਨਾਟਕ ਅਸੈਂਬਲੀ ਦਾ ਕਾਰਜਕਾਲ 24 ਮਈ ਨੂੰ ਖ਼ਤਮ ਹੋ ਰਿਹਾ ਹੈ, ਲਿਹਾਜ਼ਾ ਨਵੇਂ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੂੰ ਇਸ ਤਰੀਕ ਤੋਂ ਪਹਿਲਾਂ ਹਲਫ਼ ਲੈਣਾ ਹੋਵੇਗਾ। ਖੜਗੇ ਨੇ ਕਿਹਾ ਕਿ ਕਾਂਗਰਸ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਾਰਟੀ ਇਹ ਨਹੀਂ ਦੇਖੇਗੀ ਕਿ ਕਿਸ ਨੇ ਪਾਰਟੀ ਨੂੰ ਵੋਟ ਪਾਈ ਜਾਂ ਕਿਸ ਨੇ ਨਹੀਂ। 

ਖੜਗੇ ਨੇ ਕਿਹਾ ਕਿ ਕਰਨਾਟਕ ਅਸੈਂਬਲੀ ਚੋਣਾਂ ਦੀ ਜਿੱਤ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ, ‘‘ਕਰਨਾਟਕ ਦੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਦੇ ਸਤਾੲੇ ਲੋਕਾਂ ਨੇ ਕਾਂਗਰਸ ਦੀ ਜਿੱਤ ਯਕੀਨੀ ਬਣਾਈ ਤੇ ਉਹ ਵੀ ਵੱਡੇ ਬਹੁਮਤ ਨਾਲ।’’ ਖੜਗੇ ਨੇ ਕਿਹਾ ਕਿ ਲੋਕਾਂ ਖਾਸ ਕਰ ਕੇ ਗਰੀਬਾਂ, ਮਹਿਲਾਵਾਂ, ਘੱਟਗਿਣਤੀਆਂ ਤੇ ਦਲਿਤਾਂ ਨੇ ਕਾਂਗਰਸ ਦੀਆਂ ਪੰਜ ਗਾਰੰਟੀਆਂ ਨੂੰ ਸਵੀਕਾਰ ਕੀਤਾ ਤੇ ਉਨ੍ਹਾਂ ਦੀਆਂ ਆਸਾਂ ਮੁਤਾਬਕ ਇਨ੍ਹਾਂ ਨੂੰ ਲਾਗੂ ਵੀ ਕੀਤਾ ਜਾਵੇਗਾ।

Add a Comment

Your email address will not be published. Required fields are marked *