ਸ਼ਾਹ ਤੇ ਨੱਢਾ ਨੇ ਆਪਣੇ ਘਰਾਂ ’ਤੇ ਤਿਰੰਗੇ ਲਗਾਏ
![](http://mehakewattan.com/wp-content/uploads/2022/08/2022_8largeimg_876521960.jpg)
ਨਵੀਂ ਦਿੱਲੀ, 13 ਅਗਸਤ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ’ਚ ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਨੇ ਅੱਜ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ‘ਹਰ ਘਰ ਤਿਰੰਗਾ’ ਮੁਹਿੰਮ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਆਪੋ-ਆਪਣੀਆਂ ਰਿਹਾਇਸ਼ਾਂ ’ਤੇ ਕੌਮੀ ਝੰਡੇ ਲਗਾਏ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਸ਼ਾਹ ਨੇ ਕਿਹਾ,‘‘ਤਿਰੰਗਾ ਸਾਡਾ ਮਾਣ ਹੈ ਅਤੇ ਇਹ ਹਰੇਕ ਭਾਰਤੀ ਨੂੰ ਇਕਜੁੱਟ ਤੇ ਪ੍ਰੇਰਿਤ ਕਰਦਾ ਹੈ।’’ ਉਨ੍ਹਾਂ ਲੋਕਾਂ ਨੂੰ ਆਪਣੇ ਘਰਾਂ ’ਤੇ ਵੀ 13 ਤੋਂ 15 ਅਗਸਤ ਤੱਕ ਤਿਰੰਗੇ ਲਗਾਉਣ ਦੀ ਅਪੀਲ ਕੀਤੀ। ਭਾਜਪਾ ਨੇ ਇਥੇ ਆਪਣੇ ਦਫ਼ਤਰ ’ਤੇ ਦੇਸ਼ ਦੀ ਵੰਡ ਨਾਲ ਸਬੰਧਤ ਇਕ ਪ੍ਰਦਰਸ਼ਨੀ ਵੀ ਲਗਾਈ। ਸ੍ਰੀ ਨੱਢਾ ਨੇ ਕਿਹਾ ਕਿ ਉਨ੍ਹਾਂ ਵੰਡ ਨਾਲ ਸਬੰਧਤ ਪ੍ਰਦਰਸ਼ਨੀ ’ਚ ਹਿੱਸਾ ਲਿਆ ਜੋ ਚੇਤੇ ਕਰਾਉਂਦੀ ਹੈ ਕਿ ਲੱਖਾਂ ਭੈਣਾਂ-ਭਰਾਵਾਂ ਨੂੰ ਵੰਡ ਦਾ ਦਰਦ ਸਹਿਣਾ ਪਿਆ ਸੀ। ‘ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਨਫ਼ਰਤ ਤੇ ਵੰਡੀਆਂ ਪਾਉਣ ਦੀ ਸਿਆਸਤ ਦੀ ਕੀਮਤ ਚੁਕਾਉਣੀ ਪੈਂਦੀ ਹੈ।’ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਬਲੀਆ (ਯੂਪੀ) ’ਚ ਸੁਤੰਤਰਤਾ ਸੰਗਰਾਮੀ ਚਿੱਤੂ ਪਾਂਡੇ ਨੂੰ ਸ਼ਰਧਾਂਜਲੀ ਦਿੱਤੀ। ਵੱਖ ਵੱਖ ਆਗੂਆਂ ਨੇ ਦੇਸ਼ ਭਰ ’ਚ ਤਿਰੰਗਾ ਰੈਲੀ ਦੇ ਨਾਲ ਪ੍ਰਭਾਤ ਫੇਰੀਆਂ ਵੀ ਕੱਢੀਆਂ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁਗ਼ਲਾਂ ਖ਼ਿਲਾਫ਼ ਜੰਗ ਛੇੜਨ ਵਾਲੇ ਯੋਧੇ ਦੁਰਗਾਦਾਸ ਰਾਠੌੜ ਦੇ ਬੁੱਤ ਦਾ ਜੋਧਪੁਰ ’ਚ ਉਦਘਾਟਨ ਕੀਤਾ।