ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਬਾਹਾਂ ਅਤੇ ਮੱਥੇ ‘ਤੇ ਬੰਨ੍ਹੀਆਂ ਕਾਲੀਆਂ ਪੱਟੀਆਂ

ਨਵੀਂ ਦਿੱਲੀ – ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਪਹਿਲਵਾਨਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਦੇ 18ਵੇਂ ਦਿਨ ਵੀਰਵਾਰ ਨੂੰ ਆਪਣੀਆਂ ਬਾਹਾਂ ਅਤੇ ਮੱਥੇ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਹੋਰ ਪਹਿਲਵਾਨਾਂ ਨੇ ਜੰਤਰ-ਮੰਤਰ ਵਿਖੇ ਕਾਲੀ ਪੱਟੀ ਬੰਨ੍ਹ ਕੇ 11 ਮਈ ਨੂੰ ‘ਕਾਲਾ ਦਿਵਸ’ ਮਨਾਇਆ। ਧਰਨੇ ਵਾਲੀ ਥਾਂ ‘ਤੇ ਮੌਜੂਦ ਹੋਰ ਸਮਰਥਕਾਂ ਨੇ ਵੀ ਆਪਣੀਆਂ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਨਾਮੀ ਪਹਿਲਵਾਨ ਬ੍ਰਿਜ ਭੂਸ਼ਣ ‘ਤੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਲਗਾ ਚੁੱਕੇ ਹਨ। ਪਹਿਲਵਾਨਾਂ ਨੇ ਜਨਵਰੀ 2022 ਵਿੱਚ ਸਰਕਾਰ ਵੱਲੋਂ ਇੱਕ ਜਾਂਚ ਕਮੇਟੀ ਦੇ ਗਠਨ ਤੋਂ ਬਾਅਦ ਆਪਣਾ ਧਰਨਾ ਸਮਾਪਤ ਕਰ ਦਿੱਤਾ ਸੀ, ਪਰ ਜਾਂਚ ਕਮੇਟੀ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਉਹ ਅਪ੍ਰੈਲ ਵਿੱਚ ਮੁੜ ਵਿਰੋਧ ਪ੍ਰਦਰਸ਼ਨ ਲਈ ਅੱਗੇ ਆਏ ਅਤੇ ਹੁਣ ਦਿੱਲੀ ਪੁਲਸ ਤੋਂ ‘ਨਿਰਪੱਖ’ ਜਾਂਚ ਦੀ ਮੰਗ ਕਰ ਰਹੇ ਹਨ। 

ਦਿੱਲੀ ਪੁਲਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ 2 ਐੱਫ.ਆਈ.ਆਰ. ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਦੀ ਧਾਰਾ 10 ਨਾਲ ਸਬੰਧਤ ਹੈ। ਦਿੱਲੀ ਪੁਲਸ ਨੇ ਇਸ ਹਫ਼ਤੇ ਇੱਕ ਨਾਬਾਲਗ ਸਮੇਤ 7 ਮਹਿਲਾ ਪਹਿਲਵਾਨਾਂ ਦੇ ਬਿਆਨ ਦਰਜ ਕੀਤੇ ਹਨ। ਨਾਬਾਲਗ ਪਹਿਲਵਾਨ ਨੇ ਬੁੱਧਵਾਰ ਨੂੰ Code of Criminal Procedure ਦੀ ਧਾਰਾ 164 ਦੇ ਤਹਿਤ ਇਕ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ।

Add a Comment

Your email address will not be published. Required fields are marked *