ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਸਲਾਮਾਬਾਦ/ਲਾਹੌਰ, 9 ਮਈ-: ਪੈਰਾਮਿਲਟਰੀ ਰੇਂਜਰਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਖ਼ਾਨ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਲਈ ਕੋਰਟ ਅਹਾਤੇ ਵਿੱਚ ਮੌਜੂਦ ਸਨ। ਗ੍ਰਿਫ਼ਤਾਰੀ ਮਗਰੋਂ ਖ਼ਾਨ ਨੂੰ ਰਾਵਲਪਿੰਡੀ ਸਥਿਤ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਦਫ਼ਤਰ ਵਿੱਚ ਤਬਦੀਲ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼(ਪੀਟੀਆਈ) ਦੇ ਆਗੂ ਫ਼ਵਾਦ ਚੌਧਰੀ ਨੇ ਖ਼ਾਨ ਨੂੰ ਕਿਸੇ ਅਣਦੱਸੀ ਥਾਂ ਤਬਦੀਲ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਖ਼ਾਨ ’ਤੇ ਤਸ਼ੱਦਦ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੀਟੀਆਈ ਦੇ ਸਕੱਤਰ ਜਨਰਲ ਅਸਦ ਉਮਰ ਨੇ ਟਵੀਟ ਕੀਤਾ ਕਿ ਪਾਰਟੀ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੀ ਅਗਵਾਈ ਵਾਲੀ ਛੇ ਮੈਂਬਰੀ ਕਮੇਟੀ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਘੜੀ ਜਾਵੇਗੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦੇਈਏ ਕਿ ਖ਼ਾਨ ਨੇ ਅਜੇ ਇਕ ਦਿਨ ਪਹਿਲਾਂ ਦੇਸ਼ ਦੀ ਤਾਕਤਵਾਰ ਫੌਜ ’ਤੇ ਉਨ੍ਹਾਂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ 70 ਸਾਲਾ ਆਗੂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਖ਼ਾਨ ਦੀ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਵੱਲੋਂ ਖੁਫ਼ੀਆ ਏਜੰਸੀ ਆਈਐੱਸਆਈ ਦੇ ਇਕ ਸੀਨੀਅਰ ਅਧਿਕਾਰੀ ’ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।

ਪੀਟੀਆਈ ਦੇ ਸੀਨੀਅਰ ਆਗੂ ਸ਼ਿਰੀਨ ਮਜ਼ਾਰੀ ਮੁਤਾਬਕ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਲਾਹੌਰ ਤੋਂ ਸੰਘੀ ਰਾਜਧਾਨੀ ਇਸਲਾਮਾਬਾਦ ਗਏ ਸਨ। ਇਸ ਦੌਰਾਨ ਉਹ ਅਦਾਲਤ ਵਿੱਚ ਬਾਈਓਮੀਟਰਿਕ ਹਾਜ਼ਰੀ ਦੇ ਅਮਲ ਨੂੰ ਪੂਰਾ ਕਰ ਰਹੇ ਸਨ ਜਦੋਂ ਰੇਂਜਰਜ਼ ਸ਼ੀਸ਼ੇ ਦੀ ਖਿੜਕੀ ਤੋੜ ਕੇ ਅੰਦਰ ਵੜੇ ਤੇ ਉਨ੍ਹਾਂ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮਜ਼ਾਰੀ ਨੇ ਦਾਅਵਾ ਕੀਤਾ ਕਿ ਰੇਂਜਰਾਂ ਨੇ ਇਸ ਮੌਕੇ ਉਥੇ ਮੌਜੂਦ ਵਕੀਲਾਂ ਤੇ ਖ਼ਾਨ ਦੇ ਸੁਰੱਖਿਆ ਸਟਾਫ਼ ਨਾਲ ਹੱਥੋਪਾਈ ਵੀ ਕੀਤੀ। ਟੀਵੀ ’ਤੇ ਨਸ਼ਰ ਤਸਵੀਰਾਂ ਵਿੱਚ ਰੇਂਜਰਜ਼ ਖ਼ਾਨ ਨੂੰ ਗਿੱਚੀਓਂ ਫੜ ਕੇ ਜੇਲ੍ਹ ਦੀ ਵੈਨ ਵਿਚ ਧੱਕਦੇ ਨਜ਼ਰ ਆ ਰਹੇ ਹਨ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਪ੍ਰਾਪਰਟੀ ਕਾਰੋਬਾਰੀ ਮਲਿਕ ਰਿਆਜ਼ ਨੂੰ ਜ਼ਮੀਨ ਤਬਦੀਲ ਕਰਨ ਨਾਲ ਜੁੜੇ ਕੇਸ ਵਿੱਚ ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕਰਕੇ ਐੱਨੲੇਬੀ ਦੇ ਹਵਾਲੇ ਕੀਤਾ ਜਾ ਰਿਹਾ ਹੈ।’’ ਅਧਿਕਾਰੀ ਨੇ ਕਿਹਾ ਕਿ ਖ਼ਾਨ ਨੂੰ ਅਲ-ਕਾਦਿਰ ਟਰੱਸਟ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਸੋਹਾਵਾ ਇਲਾਕੇ ਵਿੱਚ ਸੂਫ਼ੀਵਾਦ ਬਾਰੇ ਅਲ-ਕਾਦਿਰ ਯੂਨੀਵਰਸਿਟੀ ਸਥਾਪਿਤ ਕਰਨ ਬਾਰੇ ਸੀ। ਉਨ੍ਹਾਂ ਕਿਹਾ, ‘‘ਖ਼ਾਨ ਦੇ ਗ੍ਰਿਫਤਾਰੀ ਵਾਰੰਟ ਅੱਜ ਸਵੇਰੇ ਹੀ ਜਾਰੀ ਹੋੲੇ ਸਨ ਤੇ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।’’ ਹਾਲਾਂਕਿ ਇਨ੍ਹਾਂ ਵਾਰੰਟਾਂ ’ਤੇ ਜਾਰੀ ਕਰਨ ਦੀ ਤਰੀਕ 1 ਮਈ ਲਿਖੀ ਨਜ਼ਰ ਆਉਂਦੀ ਹੈ। ਵਾਰੰਟ ਵਿੱਚ ਖ਼ਾਨ ’ਤੇ ਭ੍ਰਿਸ਼ਟਾਚਾਰ ਤੇ ਭ੍ਰਿਸ਼ਟ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਖ਼ਾਨ ਕਈ ਨੋਟਿਸਾਂ ਦੇ ਬਾਵਜੂਦ ਕੋਰਟ ਵਿੱਚ ਪੇਸ਼ ਹੋਣ ’ਚ ਨਾਕਾਮ ਰਿਹਾ ਸੀ। ਉਨ੍ਹਾਂ ਟਵੀਟ ਕੀਤਾ, ‘‘ਕੌਮੀ ਜਵਾਬਦੇਹੀ ਕਮਿਸ਼ਨ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦੇ ਦੋਸ਼ ਵਿੱਚ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਮੰਤਰੀ ਨੇ ਦਾਅਵਾ ਕੀਤਾ ਕਿ ਖ਼ਾਨ ’ਤੇ ਕੋਈ ਤਸ਼ੱਦਦ ਨਹੀਂ ਢਾਹਿਆ ਗਿਆ। ਇਸ ਦੌਰਾਨ ਇਮਰਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਰਿਕਾਰਡ ਕੀਤਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਖ਼ਾਨ ਨੇ ਕਿਹਾ, ‘‘ਜਦੋਂ ਤੱਕ ਮੇਰੇ ਇਹ ਬੋਲ ਤੁਹਾਡੇ ਤੱਕ ਪੁੱਜਣਗੇ, ਮੈਨੂੰ ਇਕ ਬੇਬੁਨਿਆਦ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੋਵੇਗਾ। ਇਸ ਤੋਂ ਸਾਫ਼ ਹੈ ਕਿ ਪਾਕਿਸਤਾਨ ਵਿੱਚ ਮੌਲਿਕ ਅਧਿਕਾਰਾਂ ਤੇ ਜਮਹੂਰੀਅਤ ਨੂੰ ਦਫ਼ਨ ਕਰ ਦਿੱਤਾ ਗਿਆ ਹੈ। ਇਹ ਸਭ ਕੁਝ ਇਸ ਲਈ ਕੀਤਾ ਜਾ ਰਿਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਮੈਂ ਸਾਡੇ ’ਤੇ ਜਬਰੀ ਥੋਪੀ ਭ੍ਰਿਸ਼ਟ ਸਰਕਾਰ ਨੂੰ ਸਵੀਕਾਰ ਕਰ ਲਵਾਂ।’’ ਖ਼ਾਨ ਨੇ ਕਿਹਾ, ‘‘ਜੇਕਰ ਕਿਸੇ ਕੋਲ ਵਾਰੰਟ ਹੈ ਤਾਂ ਉਹ ਸਿੱਧਾ ਮੇਰੇ ਕੋਲ ਲੈ ਕੇ ਆੲੇ। ਮੇਰਾ ਵਕੀਲ ਉਥੇ ਹੋਵੇਗਾ ਤੇ ਮੈਂ ਖ਼ੁਦ ਬਖੁ਼ਦ ਜੇਲ੍ਹ ਜਾਣ ਲਈ ਤਿਆਰ ਹਾਂ।’’ ਉਧਰ ਸ਼ਿਰੀਨ ਮਜ਼ਾਰੀ ਨੇ ਕਿਹਾ, ‘‘ਕਿਹੜੇ ਕਾਨੂੰਨ? ਰੇਂਜਰਜ਼ ਨੇ ਕੋਰਟ ’ਤੇ ਇਸ ਤਰ੍ਹਾਂ ਹਮਲਾ ਬੋਲਿਆ, ਜਿਵੇਂ ਕਿਸੇ ਜ਼ਮੀਨ ’ਤੇ ਕਬਜ਼ਾ ਕਰਨਾ ਹੁੰਦਾ ਹੈ…ਵਕੀਲਾਂ ਤੇ ਇਸਲਾਮਾਬਾਦ ਹਾਈ ਕੋਰਟ ਸਟਾਫ਼ ਦੀ ਵੀ ਕੁੱਟਮਾਰ ਕੀਤੀ ਗਈ। ਇਹ ਅੱਜ ਦਾ ਪਾਕਿਸਤਾਨ ਹੈ…ਇਕ ਫਾਸ਼ੀਵਾਦੀ ਦੇਸ਼, ਜਿੱਥੇ ਨੀਮ ਫੌਜੀ ਬਲਾਂ ਵੱਲੋਂ ਹਾਈ ਕੋਰਟ ’ਤੇ ਹਮਲਾ ਕੀਤਾ ਗਿਆ ਹੈ।’’ ਮਜ਼ਾਰੀ ਨੇ ਟਵੀਟ ਕੀਤਾ, ‘‘ਸਰਕਾਰੀ ਅਤਿਵਾਦ- ਇਮਰਾਨ ਖ਼ਾਨ ਨੂੰ ਕੋਰਟ ਅਹਾਤੇ ’ਚੋਂ ਅਗਵਾ ਕਰਨ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਜਬਰੀ ਵੜਨਾ। ਜੰਗਲ ਰਾਜ ਚੱਲ ਰਿਹੈ। ਰੇਂਜਰਾਂ ਨੇ ਵਕੀਲਾਂ ਨੂੰ ਕੁੱਟਿਆ, ਇਮਰਾਨ ਖ਼ਾਨ ਨਾਲ ਜ਼ੋਰ ਜ਼ਬਰਦਸਤੀ ਕਰਦਿਆਂ ਉਨ੍ਹਾਂ ਨੂੰ ਅਗਵਾ ਕੀਤਾ।’’ ਪਾਰਟੀ ਨੇ ਖ਼ਾਨ ’ਤੇ ਕਥਿਤ ਤਸ਼ੱਦਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

Add a Comment

Your email address will not be published. Required fields are marked *