ਗੈਸ ਲੀਕ ਕਾਂਡ: ਐੱਨਜੀਟੀ ਦੀ ਤੱਥ ਜਾਂਚ ਕਮੇਟੀ ਨੇ ਤਫ਼ਤੀਸ਼ ਆਰੰਭੀ

ਲੁਧਿਆਣਾ, 8 ਮਈ-: ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਬਣਾਈ ਗਈ ਅੱਠ ਮੈਂਬਰੀ ਤੱਥ ਜਾਂਚ ਕਮੇਟੀ ਨੇ ਅੱਜ ਆਪਣੀ ਜਾਂਚ ਆਰੰਭਦਿਆਂ ਸ਼ਹਿਰ ਦੇ ਗਿਆਸਪੁਰਾ ਇਲਾਕੇ ਦਾ ਦੌਰਾ ਕੀਤਾ, ਜਿੱਥੇ ਨੌਂ ਦਿਨ ਪਹਿਲਾਂ ਵਾਪਰੇ ਗੈਸ ਲੀਕ ਕਾਂਡ ਵਿੱਚ 11 ਜਣਿਆਂ ਦੀ ਮੌਤ ਹੋ ਗਈ ਸੀ। ਜਾਂਚ ਕਮੇਟੀ ਦੇ ਮੈਂਬਰਾਂ ਨੇ ਹਾਦਸੇ ਵਾਲੀ ਥਾਂ ਤੋਂ ਇਲਾਵਾ ਸੀਵਰੇਜ ਮੈਨ ਹੋਲ, ਮ੍ਰਿਤਕਾਂ ਦੇ ਪਰਿਵਾਰਾਂ ਤੇ ਆਲੇ-ਦੁਆਲੇ ਰਹਿੰਦੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ। ਜਾਂਚ ਕਮੇਟੀ ਇਹ ਰਿਪੋਰਟ 30 ਜੂਨ ਤੱਕ ਪੇਸ਼ ਕਰੇਗੀ।

ਇਸ ਕਮੇਟੀ ਦੀ ਅਗਵਾਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਗ ਕਰ ਰਹੇ ਹਨ ਡਾ. ਵਿਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਸ ਲੀਕ ਹਾਦਸੇ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਬੂਤ ਜਾਂਚ ਕਮੇਟੀ ਕੋਲ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਪੈਨਲ ਖੁੱਲ੍ਹੀ ਜਾਂਚ ਮਗਰੋਂ ਤੱਥਾਂ ’ਤੇ ਆਧਾਰਿਤ ਰਿਪੋਰਟ ਤਿਆਰ ਕਰੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਮੰਦਭਾਗੀ ਘਟਨਾ ਮੁੜ ਨਾ ਵਾਪਰੇ। ਇਸ ਪਲੇਠੀ ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਸਾਰੀਆਂ ਤਕਨੀਕੀ ਏਜੰਸੀਆਂ ਨੂੰ ਵਿਚਾਰ ਤੇ ਵਿਸ਼ਲੇਸ਼ਣ ਲਈ ਆਪਣੀਆਂ ਰਿਪੋਰਟਾਂ ਪੇਸ਼ ਕਰਨ ਲਈ ਕਿਹਾ ਗਿਆ ਹੈ।

ਜਾਂਚ ਕਮੇਟੀ ਦੇ ਮੈਂਬਰਾਂ ਨੇ ਘਟਨਾ ਵਿੱਚ ਮਾਰੇ ਜਾਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਅਤੇ ਬਚਾਅ ਕਰਮੀਆਂ ਦੇ ਬਿਆਨ ਦਰਜ ਕਰਨ ਸਮੇਤ ਇਸ ਘਟਨਾ ਸਬੰਧੀ ਵਾਇਰਲ ਹੋਈਆਂ ਵੀਡੀਓਜ਼ ਵੀ ਲਈਆਂ। ਇਸ ਦੇ ਨਾਲ ਹੀ ਇਲਾਕੇ ਵਿੱਚ ਮੌਜੂਦ ਹੋਰਨਾਂ ਫੈਕਟਰੀਆਂ ਦਾ ਡੇਟਾ ਵੀ ਇਕੱਤਰ ਕੀਤਾ ਗਿਆ। ਐੱਨਜੀਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਲੇ ਕਿਸੇ ਵੀ ਫੈਕਟਰੀ ਅਤੇ ਕਿਸੇ ਵਿਭਾਗ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 30 ਜੂਨ ਨੂੰ ਜਾਂਚ ਕਮੇਟੀ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੇਗੀ। ਇਸ ਮੌਕੇ ਗਿਆਸਪੁਰਾ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੱਕੜ ਵੀ ਕਾਰੋਬਾਰੀ ਸਾਥੀਆਂ ਨਾਲ ਉੱਥੇ ਪੁੱਜੇ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਣ ਬੁੱਝ ਕੇ ਸਨਅਤਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿਛਲੇ ਕਾਰਨਾਂ ਦੀ ਭਾਲ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Add a Comment

Your email address will not be published. Required fields are marked *