ਸਾਬਕਾ ਮੰਤਰੀ ਟੌਹੜਾ ਦੇ ਘਰ ’ਤੇ ਅਣਪਛਾਤਿਆਂ ਵਲੋਂ ਹਮਲਾ

ਪਟਿਆਲਾ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਟਿਆਲਾ ਸਥਿਤ ਘਰ ਜਿਸ ’ਚ ਅੱਜਕਲ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ। ਲੰਘੀ ਰਾਤ ਕੁਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗੇਟ ਨੂੰ ਲੱਤਾਂ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਘਰ ਦੇ ਅੰਦਰ ਇੱਟਾਂ-ਰੋੜੇ ਵੀ ਮਾਰੇ। ਇਹ ਹਮਲਾਵਰ ਅੱਧੀ ਦਰਜਨ ਦੇ ਕਰੀਬ ਸਨ। ਹਾਲਾਂਕਿ ਸਾਰਾ ਕੁਝ ਕੈਮਰੇ ’ਚ ਕੈਦ ਹੋ ਗਿਆ ਪਰ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨੂੰ ਲੈ ਕੇ ਪਰਿਵਾਰ ਅਜੇ ਤੱਕ ਚਿੰਤਾ ਵਿਚ ਹੈ। ਕਿਸੇ ਵੇਲੇ ਸਾਰਾ ਪੰਜਾਬ ਇਸ ਘਰ ਤੋਂ ਚੱਲਦਾ ਸੀ। ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਿੰਡ ਵਾਲੇ ਘਰ ਤੋਂ ਬਾਅਦ ਇਸ ਘਰ ਵਿਚ ਡੇਰੇ ਲਗਾਉਂਦੇ ਸਨ। ਅੱਜ ਕੱਲ ਇਥੇ ਉਨ੍ਹਾਂ ਦੇ ਦਾਮਾਦ ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਤੇ ਉਨ੍ਹਾਂ ਦੀ ਬੇਟੀ ਅਤੇ ਪਰਿਵਾਰ ਰਹਿ ਰਿਹਾ ਹੈ। ਹੈਰਾਨੀ ਹੈ ਕਿ ਇਸ ਪਰਿਵਾਰ ਵੱਲ ਕਿਸੇ ਦੀ ਝਾਕਣ ਦੀ ਹਿੰਮਤ ਨਹੀਂ ਸੀ ਪਰ ਇਸਨੂੰ ਪੁਲਸ ਦੀ ਨਾਕਾਮੀ ਕਹਿ ਲਵੋ ਕਿ ਘਰ ਉਪਰ ਹਮਲਾ ਹੋ ਗਿਆ ਤੇ ਇੱਟਾਂ ਰੋੜਿਆਂ ਦੀ ਬਰਸਾਤ ਹੋ ਗਈ, ਜਿਸਨੂੰ ਲੈ ਕੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸਨੂੰ ਲੈ ਕੇ ਪਰਿਵਾਰ ਵੱਡੀ ਨਿਰਾਸ਼ਾ ਵਿਚ ਹੈ।

ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਖੁਦ ਹੁੰਦੇ ਸਨ, ਉਸ ਵੇਲੇ ਇਸ ਘਰ ਦੇ ਦੁਆਲੇ ਪੰਜਾਬ ਪੁਲਸ ਤਾਂ ਕਿ ਸੀਆਰਪੀ ਦਾ ਪਹਿਰਾ ਵੀ ਰਿਹਾ ਹੈ। ਜਥੇਦਾਰ ਟੌਹੜਾ ਦੇ ਦਾਮਾਦ ਹਰਮੇਲ ਸਿੰਘ ਟੌਹੜਾ ਪੰਜਾਬ ਦੀ ਵਜ਼ਾਰਤ ਵਿਚ ਮੰਤਰੀ ਰਹੇ ਹਨ। ਇਸਦੇ ਬਾਵਜੂਦ ਵੀ ਪਰਿਵਾਰ ਦੀ ਸੁਰੱਖਿਆ ਪਿਛਲੇ ਸਮੇਂ ਵਿਚ ਖੋਹ ਲਈ ਗਈ ਪਰ ਫਿਰ ਵੀ ਪਰਿਵਾਰ ਸ਼ਾਂਤ ਰਿਹਾ। ਸਕਿਓਰਿਟੀ ਸਬੰਧੀ ਪਰਿਵਾਰ ਨੇ ਡੀਜੀਪੀ ਪੰਜਾਬ ਨੂੰ ਵੀ ਲਿਖਿਆ ਹੈ ਪਰ ਸੁਰੱਖਿਆ ਨੂੰ ਲੈ ਕੇ ਹੀ ਪਹਿਲਾਂ ਪੰਜਾਬ ਵਿਚ ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜਾਨ ਜਾ ਚੁਕੀ ਹੈ ਤੇ ਜੇਕਰ ਲੰਘੀ ਰਾਤ ਅਣਪਛਾਤੇ ਹਮਲਾਵਰ ਕੋਈ ਵੱਡਾ ਭਾਣਾ ਵੀ ਵਰਤਾ ਸਕਦੇ ਸਨ।

ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਹਮਲਾਵਰਾਂ ਨੂੰ ਤੁਰੰਤ ਪਟਿਆਲਾ ਪੁਲਸ ਨੂੰ ਕਹਿ ਕੇ ਨੱਥ ਪਵਾਉਣ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਪਟਿਆਲਾ ਦੇ ਕਈ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਬੇਨਤੀ ਕੀਤੀ ਹੈ ਪਰ ਕੋਈ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਿਸ ਕਾਰਨ ਪਰਿਵਾਰ ਦੀ ਚਿੰਤਾਵਾਂ ਵਿਚ ਵਾਧਾ ਹੋ ਰਿਹਾ ਹੈ। ਜੇਕਰ ਇੰਨੇ ਵੱਡੇ ਪਰਿਵਾਰ ‘ਤੇ ਹਮਲਾ ਹੋ ਸਕਦਾ ਹੈ ਤਾਂ ਬਾਕੀ ਪਟਿਆਲਵੀਆਂ ਦੀ ਸੁਰੱਖਿਆ ਦਾ ਕੀ ਹਾਲ ਹੋਵੇਗਾ। ਇਹ ਤੁਸੀ ਆਪ ਹੀ ਵੇਖ ਲਵੋ।

Add a Comment

Your email address will not be published. Required fields are marked *