​​​​​​​ਟਰਾਂਸਫ਼ਾਰਮਰ ਲਾਉਣ ਲਈ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਜੇ. ਈ. ਸਸਪੈਂਡ

ਜਲੰਧਰ –ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਰਿਸ਼ਵਤ ਮੰਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵਿਜੀਲੈਂਸ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਕਰਮਚਾਰੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਇਕ ਸ਼ਿਕਾਇਤ ਦੇ ਆਧਾਰ ’ਤੇ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਜੇ. ਈ. (ਜੂਨੀਅਰ ਇੰਜੀਨੀਅਰ) ਨੂੰ ਸਸਪੈਂਡ ਕੀਤਾ ਗਿਆ ਹੈ। ਦੋਸ਼ ਹੈ ਕਿ ਕੰਮ ਪੂਰਾ ਕਰਨ ਬਦਲੇ 60 ਹਜ਼ਾਰ ਰੁਪਏ ਹੋਰ ਮੰਗੇ ਜਾ ਰਹੇ ਸਨ।

ਨਾਰਥ ਜ਼ੋਨ ਦੇ ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਜੇ. ਈ. ਨੂੰ ਸਸਪੈਂਡ ਕਰ ਦਿੱਤਾ। ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਜ਼ੋਨ ਜਲੰਧਰ ਅਧੀਨ ਪੈਂਦੇ ਫਿਲੌਰ ਦੇ ਰਾਏਪੁਰ-ਅਰਾਈਆਂ ਦੇ ਖ਼ਪਤਕਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਮੁਤਾਬਕ ਗੋਰਾਇਆ ਡਿਵੀਜ਼ਨ ਅਧੀਨ ਪੈਂਦੇ ਜੇ. ਈ. ਜੋਗਿੰਦਰ ਰਾਮ ਵੱਲੋਂ ਟਿਊਬਵੈੱਲ ਦਾ ਵੱਖ ਟਰਾਂਸਫ਼ਾਰਮਰ ਲਾਉਣ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਲਈ ਜਾ ਚੁੱਕੀ ਸੀ, ਜਦਕਿ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਸੀ।

ਪਾਵਰਕਾਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਕਰਵਾਈ ਗਈ ਅਤੇ ਕਈ ਤੱਥ ਸਾਹਮਣੇ ਆਏ। ਜੇ. ਈ. ਵੱਲੋਂ ਨਿਯਮਾਂ ਦੇ ਉਲਟ 3 ਖੰਭੇ ਲਾਏ ਜਾ ਚੁੱਕੇ ਸਨ, ਜਦਕਿ ਇਨ੍ਹਾਂ ਖੰਭਿਆਂ ਦੀ ਮਨਜ਼ੂਰੀ ਅਜੇ ਬਾਕੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਜਾਂਚ ਅਧਿਕਾਰੀ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਸਹੀ ਪਾਏ ਗਏ। ਦੂਜੇ ਪਾਸੇ ਸ਼ਿਕਾਇਤਕਰਤਾਵਾਂ ਵੱਲੋਂ ਦੱਸਿਆ ਗਿਆ ਕਿ ਜੇ. ਈ. 60 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਇਲਾਕਾ ਨਿਵਾਸੀਆਂ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਕਾਰਨ ਜੇ. ਈ. ਨੇ ਕੰਮ ਵਿਚਾਲੇ ਰੁਕਵਾ ਦਿੱਤਾ।

ਚੀਫ਼ ਇੰਜੀ. ਸਾਰੰਗਲ ਨੇ ਦੱਸਿਆ ਕਿ ਉੱਪ ਮੰਡਲ ਅੱਪਰਾ ਵਿਚ ਤਾਇਨਾਤ ਜੇ. ਈ. ਜੋਗਿੰਦਰ ਰਾਮ ਪੁੱਤਰ ਕਹਿਰੂ ਰਾਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਹੈੱਡਕੁਆਰਟਰ ਨਵਾਂਸ਼ਹਿਰ ਫਿਕਸ ਕੀਤਾ ਗਿਆ ਹੈ। ਉਕਤ ਜੇ. ਈ. ਨੂੰ ਹੁਣ ਸਬੰਧਤ ਹੈੱਡਕੁਆਰਟਰ ਵਿਚ ਰਿਪੋਰਟ ਕਰਨੀ ਹੋਵੇਗੀ। ਉਥੇ ਹੀ, ਇਸ ਸਬੰਧ ਵਿਚ ਸਬੰਧਤ ਜੇ. ਈ. ਨਾਲ ਸੰਪਰਕ ਨਹੀਂ ਹੋ ਸਕਿਆ। ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੋਈ ਵੀ ਕਰਮਚਾਰੀ ਜੇਕਰ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਖ਼ਪਤਕਾਰ ਇਸ ਬਾਰੇ ਹੈੱਡ ਆਫਿਸ ਜਾਂ ਸਬੰਧਤ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ।

Add a Comment

Your email address will not be published. Required fields are marked *