4000 ਰੁਪਏ ਨੂੰ ਲੈ ਕੇ ਵਕੀਲ ਦੇ ਦਫ਼ਤਰ ‘ਚ ਗੋਲੀਬਾਰੀ, ਮੁੰਸ਼ੀ ਨੇ ਤੋੜਿਆ ਦਮ

ਨਵੀਂ ਦਿੱਲੀ- ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ‘ਚ ਇਕ ਵਕੀਲ ਦੇ ਦਫ਼ਤਰ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ 4000 ਰੁਪਏ ਨੂੰ ਲੈ ਕੇ ਵਕੀਲ ਦੇ ਦਫ਼ਤਰ ‘ਚ ਝਗੜਾ ਹੋ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਵਕੀਲ ਦੇ ਮੁੰਸ਼ੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਦੇ ਆਲਾ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਵਿਚ ਜੁੱਟ ਗਏ।

ਇਹ ਘਟਨਾ ਐਤਵਾਰ ਨੂੰ ਵਾਪਰੀ ਅਤੇ ਮ੍ਰਿਤਕ ਦੀ ਪਛਾਣ ਅਨਸ ਅਹਿਮਦ ਵਜੋਂ ਹੋਈ ਹੈ। ਜਿਸ ਨੂੰ ਗੋਲੀ ਲੱਗਣ ਮਗਰੋਂ ਇਲਾਕੇ ਦੇ ਮਜੀਦਾ ਹਸਪਤਾਲ ‘ਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪੁਲਸ ਮੁਤਾਬਕ ਰਾਤ 11:51 ਵਜੇ ਸੂਚਨਾ ਮਿਲੀ ਕਿ ਗੋਵਿੰਦਪੁਰੀ ਸਥਿਤ ਵਕੀਲ ਸੁਸ਼ੀਲ ਗੁਪਤਾ ਦੇ ਦਫ਼ਤਰ ‘ਚ ਗੋਲੀਬਾਰੀ ਹੋਈ ਹੈ ਅਤੇ ਇਕ ਵਿਅਕਤੀ ਨੂੰ ਗੋਲੀ ਲੱਗੀ। ਜਾਂਚ ਤੋਂ ਪਤਾ ਲੱਗਾ ਹੈ ਕਿ ਵਕੀਲ ਸੁਸ਼ੀਲ ਗੁਪਤਾ ਦੇ ਮੁਵੱਕਿਲ ਜ਼ਫਰੂਲ ਦਾ ਸਈਅਦ ਮੁਕੀਮ ਰਜ਼ਾ ਨਾਲ 4,000 ਰੁਪਏ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਜ਼ਫਰੂਲ ਨੇ ਸੁਸ਼ੀਲ ਗੁਪਤਾ ਨੂੰ ਦਖ਼ਲ ਦੇਣ ਲਈ ਕਿਹਾ ਅਤੇ ਫਿਰ ਅੰਕਿਤ ਬਿਧੂੜੀ, ਮੁਕੀਮ ਰਜ਼ਾ, ਵਰੁਣ ਅਤੇ ਗੁਲਾਮ ਐੱਮ. ਡੀ. ਗੱਲਬਾਤ ਲਈ ਸੁਸ਼ੀਲ ਗੁਪਤਾ ਦੇ ਦਫ਼ਤਰ ਪਹੁੰਚੇ। ਪੁਲਸ ਮੁਤਾਬਕ ਇਸ ਦੌਰਾਨ ਝਗੜਾ ਹੋਇਆ। ਕਈ ਸਥਾਨਕ ਲੋਕ ਸੁਸ਼ੀਲ ਗੁਪਤਾ ਦੇ ਦਫ਼ਤਰ ਪਹੁੰਚੇ। ਭੀੜ ਨੂੰ ਵੇਖ ਕੇ ਵਰੁਣ ਬਿਧੂੜੀ ਨੇ ਦਫ਼ਤਰ ਵਿਚ ਕਈ ਫਾਇਰ ਕੀਤੇ, ਜਿਸ ਵਿਚੋਂ ਇਕ ਗੋਲੀ ਅਨਸ ਅਹਿਮਦ ਨੂੰ ਲੱਗੀ। ਜ਼ਖ਼ਮੀ ਅਨਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਪੁਲਸ ਨੇ ਕਿਹਾ ਕਿ ਅੰਕਿਤ, ਮੁਕੀਜ ਰਜ਼ਾ ਅਤੇ ਵਰੁਣ ਛੱਤ ਦੇ ਰਸਤਿਓਂ ਫ਼ਰਾਰ ਹੋ ਗਏ। ਮੌਕੇ ‘ਤੇ ਪਹੁੰਚਣ ਮਗਰੋਂ ਛੱਤ ‘ਤੇ ਤਲਾਸ਼ੀ ਲਈ ਗਈ ਅਤੇ ਦੋ ਘੰਟਿਆਂ ਤੋਂ ਵੱਧ ਸਮੇਂ ਮਗਰੋਂ ਸਥਾਨਕ ਪੁਲਸ ਨੇ ਅੰਕਿਤ ਅਤੇ ਮੁਕੀਮ ਨੂੰ ਇਕ ਇਮਾਰਤ ਦੀ ਛੱਤ ‘ਤੇ ਲੁੱਕੋ ਹੋਇਆ ਫੜਿਆ। ਪੁਲਸ ਨੇ ਕਿਹਾ ਕਿ ਮੌਕੇ ‘ਤੇ ਹਮਲਾਵਰਾਂ ਵਲੋਂ ਵਰਤੀ ਗਈ ਇਕ ਕਾਲੇ ਰੰਗ ਦੀ ਗੱਡੀ ਨੂੰ ਗੋਲੀਬਾਰੀ ਦੀ ਘਟਨਾ ਮਗਰੋਂ ਲੋਕਾਂ ਵਲੋਂ ਨੁਕਸਾਨਿਆ ਗਿਆ।

Add a Comment

Your email address will not be published. Required fields are marked *