3 ਵਰ੍ਹਿਆਂ ਦੇ ਪੁੱਤ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਪਿਓ ਦਾ ਵੱਡਾ ਖ਼ੁਲਾਸਾ

ਤਰਨਤਾਰਨ : ਬੀਤੇ ਦਿਨੀਂ ਇਕ ਪਿਤਾ ਵਲੋਂ ਆਪਣੇ 3 ਸਾਲਾਂ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲਸ ਵਲੋਂ ਇਸ ਕੀਤੇ ਗਏ ਕਤਲ ਪਿੱਛੇ ਕਿਹੜੇ ਕਾਰਨ ਸਨ ਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਦਿੱਤਾ ਗਿਆ। ਸ਼ੁੱਕਰਵਾਰ ਪੁਲਸ ਵਲੋਂ ਮੁਲਜ਼ਮ ਪਿਤਾ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਪੁਲਸ ਹਿਰਾਸਤ ’ਚ ਇਕ ਟੀ.ਵੀ. ਚੈਨਲ ਦੇ ਪੱਤਰਕਾਰ ਵਲੋਂ ਮੁਲਜ਼ਮ ਦੀ ਲਈ ਗਈ ਵਿਸ਼ੇਸ਼ ਇੰਟਰਵਿਊ ਨੇ ਲਾਅ ਐਂਡ ਆਰਡਰ ਦੀਆ ਧੱਜੀਆਂ ਉਡਾ ਦਿੱਤੀਆਂ ਹਨ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐੱਸ.ਐੱਸ.ਪੀ. ਵਲੋਂ ਸਬੰਧਿਤ ਪੁਲਸ ਕਰਮਚਾਰੀਆਂ ਖ਼ਿਲਾਫ ਐਕਸ਼ਨ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਰੈਸ਼ੀਆਣਾ ਵਲੋਂ ਆਪਣੇ ਤਿੰਨ ਸਾਲਾਂ ਲੜਕੇ ਗੁਰਸੇਵਕ ਸਿੰਘ ਦਾ ਰੱਸੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਵਗਦੇ ਪਾਣੀ ’ਚ ਸੁੱਟ ਦਿੱਤਾ ਗਿਆ। ਇਸ ਕਤਲ ਕਰਨ ਤੋਂ ਬਾਅਦ ਪਿਤਾ ਵਲੋਂ ਪੁਲਸ ਦੀਆਂ ਅੱਖਾਂ ’ਚ ਘੱਟਾ ਪਾਉਂਦੇ ਹੋਏ ਉਸਦੇ ਬੇਟੇ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰਨ ਦਾ ਡਰਾਮਾ ਰਚਿਆ ਗਿਆ। ਜਿਸ ਸਬੰਧੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕਰਦੇ ਹੋਏ ਡਰਾਮੇ ਉੱਪਰੋਂ ਪਰਦਾ ਚੁੱਕ ਦਿੱਤਾ ਗਿਆ। ਪੁਲਸ ਵਲੋਂ ਮੁਲਜ਼ਮ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਮ੍ਰਿਤਕ ਬੇਟੇ ਦੀ ਲਾਸ਼ ਵੀ ਬਰਾਮਦ ਕਰ ਲਈ ਗਈ। ਮਾਨਯੋਗ ਅਦਾਲਤ ਵਲੋਂ ਦਿੱਤੇ ਗਏ ਰਿਮਾਂਡ ਦੌਰਾਨ ਪੁਲਸ ਵਲੋਂ ਮੀਡੀਆ ਨੂੰ ਕਤਲ ਦੇ ਮੁੱਖ ਕਾਰਨਾਂ ਸਬੰਧੀ ਕੋਈ ਵੀ ਜਾਣਕਾਰੀ ਵਿਸਥਾਰ ਨਾਲ ਨਹੀਂ ਦਿੱਤੀ ਗਈ।

ਰਿਮਾਂਡ ਦੇ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵਲੋਂ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਪਹਿਲਾਂ ਇਕ ਨਿੱਜੀ ਟੀ.ਵੀ ਚੈਨਲ ਦੇ ਪੱਤਰਕਾਰ ਨੂੰ ਪੁਲਸ ਹਿਰਾਸਤ ਵਿਚ ਕਰਵਾਈ ਗਈ ਵਿਸ਼ੇਸ਼ ਇੰਟਰਵਿਊ ਨੇ ਲਾਅ ਐਂਡ ਆਰਡਰ ਦੀਆਂ ਜਿੱਥੇ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ ਉੱਥੇ ਹੀ ਪੁਲਸ ਸੁਰੱਖਿਆ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਪੱਤਰਕਾਰ ਨੂੰ ਦਿੱਤੀ ਗਈ ਇੰਟਰਵਿਊ ਵਿਚ ਮੁਲਜ਼ਮ ਨੇ ਦੱਸਿਆ ਕਿ ਉਸ ਵਲੋਂ ਆਪਣੇ ਛੋਟੇ ਬੇਟੇ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਉਸਦੀ ਪਰਵਰਿਸ਼ ਨਹੀਂ ਕਰ ਸਕਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਉਸ ਦੀਆਂ ਅੱਖਾਂ ਉੱਪਰ ਪਰਦਾ ਪੈ ਗਿਆ ਜਿਸ ਕਰਕੇ ਉਸ ਵਲੋਂ ਕਤਲ ਕਰ ਦਿੱਤਾ ਗਿਆ। ਕਾਤਲ ਪਿਓ ਨੇ ਕਿਹਾ ਕਿ ਮੈਂ ਦਿਹਾੜੀ ਕਰਦਾ ਹਾਂ। ਮੇਰੇ ਕੋਲ ਮੁਸ਼ਕਲ ਨਾਲ 2 ਕਿੱਲੇ ਜ਼ਮੀਨ ਹੈ। ਕੁਝ ਦਿਨ ਪਹਿਲਾਂ ਮੈਂ ਘਰ ਆਇਆ ਤਾਂ ਪੁੱਤ ਨੇ ਕਿਹਾ ਕਿ ਮੈਂ ਵੀ ਦਿਹਾੜੀ ਕਰਾਂਗਾ। ਇਸ ਤੋਂ ਬਾਅਦ ਮੇਰਾ ਦਿਮਾਗ ਖਰਾਬ ਹੋ ਗਿਆ। ਮੈਂ ਆਪਣ ਪੁੱਤ ਨੂੰ ਬਹੁਤ ਕਰਦਾ ਹਾਂ ਪਰ ਇਹ ਗੱਲ ਵਾਰ-ਵਾਰ ਮੇਰੇ ਦਿਮਾਗ ਵਿਚ ਆਉਂਦੀ ਰਹੀ ਕਿ ਮੇਰਾ ਪੁੱਤ ਦਿਹਾੜੀ ਕਰੇਗਾ। ਪਹਿਲਾਂ ਮੈਂ ਆਪ ਮਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ ਵਿਚ ਪੁੱਤ ਨੂੰ ਮਾਰ ਦਿੱਤਾ। ਮੇਰੇ ਕੋਲੋਂ ਵੱਡੀ ਗ਼ਲਤੀ ਹੋ ਗਈ ਮੈਂ ਇਹ ਕੀ ਕਰ ਬੈਠਾ। ਮਾਨਯੋਗ ਅਦਾਲਤ ਵਲੋਂ ਸ਼ੁੱਕਰਵਾਰ ਮੁਲਜ਼ਮ ਨੂੰ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸ ਇੰਟਰਵਿਊ ਤੋਂ ਬਾਅਦ ਜ਼ਿਲ੍ਹੇ ਦੇ ਐੱਸ.ਐੱਸ.ਪੀ. ਵਲੋਂ ਮਾਮਲੇ ਦੀ ਜਾਂਚ ਕਰਨ ਸਬੰਧੀ ਡੀ.ਐੱਸ.ਪੀ. ਰਵੀ ਸ਼ੇਰ ਸਿੰਘ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਹਿਰਾਸਤ ਵਿਚ ਮੀਡੀਆ ਨੂੰ ਇੰਟਰਵਿਊ ਕਰਵਾਉਣ ਵਾਲੇ ਪੁਲਸ ਕਰਮਚਾਰੀਆਂ ਖ਼ਿਲਾਫ ਵਿਭਾਗੀ ਜਾਂਚ ਕਰਵਾਉਣ ਅਤੇ ਐਕਸ਼ਨ ਲੈਣ ਸਬੰਧੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡੀ.ਐੱਸ.ਪੀ ਰਵੀ ਸ਼ੇਰ ਸਿੰਘ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਜਿਸ ਅਗਲੀ ਕਾਰਵਾਈ ਐੱਸ.ਐੱਸ.ਪੀ. ਸਾਹਿਬ ਵਲੋਂ ਅਮਲ ਵਿਚ ਲਿਆਂਦੀ ਜਾਵੇਗੀ।

Add a Comment

Your email address will not be published. Required fields are marked *