‘ਭਾਰਤ ਜੋੜੋ ਯਾਤਰਾ’ ਰੋਕਣ ਦੇ ਬਹਾਨੇ ਲੱਭ ਰਹੀ ਹੈ ਸਰਕਾਰ: ਰਾਹੁਲ ਗਾਂਧੀ

ਨੂਹ , 22 ਦਸੰਬਰ-: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਸਰਕਾਰ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਦੇ ਬਹਾਨੇ ਲੱਭ ਰਹੀ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਰਾਹੁਲ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਜੇਕਰ ਕੋਵਿਡ ਦੀ ਰੋਕਥਾਮ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਹੈ ਤਾਂ ਉਹ ਇਹ ਯਾਤਰਾ ਮੁਲਤਵੀ ਕਰਨ ਬਾਰੇ ਸੋਚਣ। ਜ਼ਿਕਰਯੋਗ ਹੈ ਕਿ ਲੰਘੀ 7 ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਕਰਨਾਟਕਾ, ਤਿਲੰਗਾਨਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚੋ ਲੰਘ ਚੁੱਕੀ ਹੈ।

ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਪੈਂਦੇ ਘਸੇਰਾ ਪਿੰਡ ਵਿੱਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਯਾਤਰਾ ਕਸ਼ਮੀਰ ਜਾ ਕੇ ਖ਼ਤਮ ਹੋਣੀ ਹੈ। ਹੁਣ ਉਹ ਇਕ ਨਵੀਂ ਤਰਕੀਬ ਲੈ ਕੇ ਆਏ ਹਨ। ਉਨ੍ਹਾਂ ਨੇ ਮੈਨੂੰ ਇਕ ਪੋੱਤਰ ਲਿਖਿਆ ਹੈ ਕਿ ਕੋਵਿਡ ਫੈਲ ਰਿਹਾ ਹੈ ਇਸ ਵਾਸਤੇ ਯਾਤਰਾ ਰੋਕੀ ਜਾਵੇ। ਰਾਜਸਥਾਨ ’ਚੋਂ ਲੰਘਣ ਮਗਰੋਂ ਬੁੱਧਵਾਰ ਨੂੰ ਇਹ ਯਾਤਰਾ ਹਰਿਆਣਾ ਵਿੱਚ ਦਾਖਲ ਹੋਈ ਸੀ। ਉਨ੍ਹਾਂ ਕਿਹਾ, ‘‘ਉਹ ਯਾਤਰਾ ਰੋਕਣ ਲਈ ਨਵੇਂ-ਨਵੇਂ ਬਹਾਨੇ ਲੈ ਕੇ ਆ ਰਹੇ ਹਨ। ਮਾਸਕ ਪਹਿਨੋ, ਯਾਤਰਾ ਰੋਕ ਦਿਓ, ਕੋਵਿਡ ਫੈਲ ਰਿਹਾ ਹੈ, ਇਹ ਸਭ ਬਹਾਨੇ ਹਨ।’’ ਕੇਂਦਰ ਤੇ ਸੂਬੇ ਵਿੱਚ ਸੱਤਾ ’ਤੇ ਕਾਬਜ਼ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਭਾਜਪਾ ਸਚਾਈ ਤੋਂ ਡਰਦੀ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਹਿੰਦੂਸਤਾਨ ਦੀ ਸ਼ਕਤੀ ਤੋਂ, ਹਿੰਦੂਸਤਾਨ ਦੀ ਸਚਾਈ ਤੋਂ, ਇਹ ਲੋਕ ਡਰ ਗਏ ਹਨ, ਇਹ ਸਚਾਈ ਹੈ।’’ ਸ੍ਰੀ ਗਾਂਧੀ ਨੇ ਕਿਹਾ, ‘‘ਅਸੀਂ ਆਰਐੱਸਐੱਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਫਰਤ ਨਾਲ ਭਰਿਆ ਭਾਰਤ ਨਹੀਂ ਚਾਹੁੰਦੇ।’’ ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਪਿਛਲੇ 100 ਤੋਂ ਵੱਧ ਦਿਨਾਂ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਸਣੇ ਸਾਰੇ ਧਰਮਾਂ ਦੇ ਲੋਕ ਸ਼ਾਮਲ ਹਨ ਅਤੇ ਇਨ੍ਹਾਂ ਵਿੱਚ ਵੀ ਪੁਰਸ਼, ਮਹਿਲਾਵਾਂ ਤੇ ਬੱਚੇ ਸ਼ਾਮਲ ਹਨ।

ਸ੍ਰੀ ਗਾਂਧੀ ਨੇ ਕਿਹਾ ਕਿ ਇਸ ਯਾਤਰਾ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਪਰ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ ਕਿ ਉਨ੍ਹਾਂ ਦਾ ਧਰਮ ਕਿਹੜਾ ਹੈ, ਉਹ ਕਿਹੜੀ ਭਾਸ਼ਾ ਬੋਲਦੇ ਹਨ ਜਾਂ ਉਹ ਕਿਸ ਜਗ੍ਹਾ ਤੋਂ ਆਏ ਹਨ। ਇਸ ਯਾਤਰਾ ਵਿੱਚ ਲੋਕ ਇਕ-ਦੂਜੇ ਦਾ ਸਨਮਾਨ ਕਰਦੇ ਹਨ, ਇਕ-ਦੂਜੇ ਦੇ ਗਲੇ ਮਿਲਦੇ ਹਨ ਅਤੇ ਪਿਆਰ ਵੰਡਦੇ ਕਰਦੇ ਹਨ।

Add a Comment

Your email address will not be published. Required fields are marked *