ਆਸਾਮ ਦੀ ਮੁਅੱਤਲ ਮਹਿਲਾ IAS ਅਧਿਕਾਰੀ ਗ੍ਰਿਫ਼ਤਾਰ, 105 ਕਰੋੜ ਦੇ ਘਪਲੇ ਮਾਮਲੇ ‘ਚ ਸੀ ਫ਼ਰਾਰ

ਜੈਪੁਰ- ਆਸਾਮ ਦੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ‘ਚ 105 ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ‘ਚ ਆਸਾਮ ਦੀ ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਅਜਮੇਰ ਪੁਲਸ ਦੀ ਮਦਦ ਨਾਲ ਮੁਅੱਤਲ ਮਹਿਲਾ IAS ਅਧਿਕਾਰੀ ਸੇਵਾਲੀ ਦੇਵੀ ਸ਼ਰਮਾ ਸਮੇਤ ਤਿੰਨ ਲੋਕਾਂ ਨੂੰ ਅਜਮੇਰ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਹੈ।

ਥਾਣਾ ਅਧਿਕਾਰੀ ਦਿਨੇਸ਼ ਜੀਵਨਾਨੀ ਨੇ ਦੱਸਿਆ ਕਿ ਆਸਾਮ ਦੇ ਵਿਜੀਲੈਂਸ ਵਿਭਾਗ ਦੀ ਟੀਮ ਨੇ 105 ਕਰੋੜ ਰੁਪਏ ਦੇ ਘਪਲੇ ਮਾਮਲੇ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਮੁਅੱਤਲ ਅਧਿਕਾਰੀ ਸੇਵਾਲੀ ਦੇਵੀ ਸ਼ਰਮਾ, ਉਸ ਦੇ ਜਵਾਈ ਅਜੀਤ ਪਾਲ ਸਿੰਘ ਅਤੇ ਠੇਕੇਦਾਰ ਰਾਹੁਲ ਆਮੀਨ ਨੂੰ ਜੈਪੁਰ-ਅਜਮੇਰ ਨੈਸ਼ਨਲ ਹਾਈਵੇਅ ‘ਤੇ ਸਥਿਤ ਇਕ ਹੋਟਲ ਤੋਂ ਸੋਮਵਾਰ ਸਵੇਰੇ ਗ੍ਰਿਫ਼ਤਾਰ ਕੀਤਾ। ਥਾਣਾ ਅਧਿਕਾਰੀ ਮੁਤਾਬਕ ਗ੍ਰਿਫ਼ਤਾਰ ਤਿੰਨੋਂ ਮੁਲਜ਼ਮਾਂ ਨੂੰ ਮੁੱਖ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ 4 ਦਿਨ ਦੀ ਟਰਾਂਜਿਟ ਰਿਮਾਂਡ ‘ਤੇ ਤਿੰਨੋਂ ਮੁਲਜ਼ਮਾਂ ਨੂੰ ਲੈ ਕੇ ਟੀਮ ਗੁਹਾਟੀ ਲਈ ਰਵਾਨਾ ਹੋ ਗਈ ਹੈ।

ਮੁਅੱਤਲ IAS ਸੇਵਾਲੀ ਦੇਵੀ ਸ਼ਰਮਾ ‘ਤੇ 2017 ਤੋਂ 2020 ਤੱਕ  SCERT ਦੇ ਕਾਰਜਕਾਰੀ ਅਹੁਦੇ ‘ਤੇ ਰਹਿਣ ਦਾ ਦੋਸ਼ ਹੈ। ਆਪਣੇ ਕਾਰਜਕਾਲ ਦੌਰਾਨ ਸੇਵਾਲੀ ਦੇਵੀ ਸ਼ਰਮਾ ਨੇ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ 5 ਬੈਂਕ ਖਾਤੇ ਖੋਲ੍ਹੇ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਜਵਾਈ ਅਜੀਤ ਪਾਲ ਸਿੰਘ ਜੋ ਕਿ ਪੇਸ਼ੇ ਤੋਂ ਠੇਕੇਦਾਰ ਹੈ, ਦੀ ਮਦਦ ਨਾਲ ਬਿਨਾਂ ਵਰਕ ਆਰਡਰ ਜਾਰੀ ਕੀਤੇ ਬੈਂਕ ਖਾਤੇ ਵਿਚੋਂ 105 ਕਰੋੜ ਰੁਪਏ ਕੱਢਵਾ ਲਏ। ਜਦੋਂ ਇਹ ਘਪਲਾ ਸਾਹਮਣੇ ਆਇਆ ਤਾਂ ਆਸਾਮ ਸਰਕਾਰ ਨੇ IAS ਸੇਵਾਲੀ ਦੇਵੀ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਇਸ ਘਪਲੇ ਵਿਚ ਅਸਾਮ ਦੇ ਕਾਮਰੂਪ ਜ਼ਿਲ੍ਹੇ ਦੇ ਵਿਜੀਲੈਂਸ ਸਟੇਸ਼ਨ ‘ਚ ਕੇਸ ਦਰਜ ਕੀਤਾ ਗਿਆ ਸੀ। FIR ‘ਚ ਅਪਰਾਧਿਕ ਸਾਜ਼ਿਸ਼ ਰਚਣ, 420, ਗਬਨ ਸਮੇਤ ਕਈ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ।

Add a Comment

Your email address will not be published. Required fields are marked *