ਕਿੰਗ ਚਾਰਲਸ III ਦੀ ਸ਼ਾਨਦਾਰ ਤਾਜਪੋਸ਼ੀ, ਦੁਨੀਆ ਭਰ ਦੇ 2000 ਮਹਿਮਾਨ ਬਣੇ ਗਵਾਹ

 ਚਾਰਲਸ III ਨੂੰ ਸ਼ਨੀਵਾਰ ਲੰਡਨ ਦੇ ਵੈਸਟਮਿੰਸਟਰ ਐਬੇ ਵਿੱਚ ਇਕ ਸ਼ਾਨਦਾਰ ਸਮਾਰੋਹ ‘ਚ ਇਕ ਰਵਾਇਤੀ ਰਸਮ ਨਾਲ ਸ਼ਾਹੀ ਰਾਜੇ ਦਾ 360 ਸਾਲ ਪੁਰਾਣਾ ਤਾਜ ਪਹਿਨਾਇਆ ਗਿਆ। ਇਹ ਸਮਾਰੋਹ 70 ਸਾਲ ਪਹਿਲਾਂ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈਥ II ਦੀ ਯਾਦਗਾਰੀ ਤਾਜਪੋਸ਼ੀ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਰਾਜਾ ਚਾਰਲਸ ਨੇ 1661 ਵਿੱਚ ਬਣਿਆ ਸੇਂਟ ਐਡਵਰਡ ਦਾ ਤਾਜ ਪਹਿਨਿਆ, ਜਦੋਂ ਕਿ ਰਾਣੀ ਦੁਆਰਾ ਪਹਿਨੇ ਗਏ ਤਾਜ ਵਿੱਚ ਕੋਹਿਨੂਰ ਹੀਰਾ ਨਹੀਂ ਜੜਿਆ ਹੋਇਆ ਸੀ। ਲਗਭਗ ਹਜ਼ਾਰ ਸਾਲ ਪੁਰਾਣੀ ਰਸਮ ਦੀ ਸ਼ੁਰੂਆਤ ਚਾਰਲਸ III ਦੁਆਰਾ ਕੈਂਟਰਬਰੀ ਦੇ ਆਰਚਬਿਸ਼ਪ ਦੇ ਸਾਹਮਣੇ ਅਹੁਦੇ ਦੀ ਸਹੁੰ ਚੁੱਕਣ ਨਾਲ ਹੋਈ, ਜਿਸ ਵਿੱਚ ਬ੍ਰਿਟੇਨ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੁਆਰਾ ਬਾਈਬਲ ਦੇ ਚੈਪਟਰ ਦਾ ਇਕ ਅੰਸ਼ ਪੜ੍ਹਿਆ ਜਾਣਾ ਵੀ ਸ਼ਾਮਲ ਹੈ। 

ਤਾਜਪੋਸ਼ੀ ਲਈ ਭਾਰਤ ਅਤੇ ਵਿਦੇਸ਼ਾਂ ਤੋਂ 2,000 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ। ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਆਪਣੀ ਪਤਨੀ ਡਾ. ਸੁਦੇਸ਼ ਧਨਖੜ ਨਾਲ ਲੰਡਨ ਪਹੁੰਚੇ। ਇੱਥੇ ਬਕਿੰਘਮ ਪੈਲੇਸ ਵਿੱਚ ਆਯੋਜਿਤ ਸਮਾਗਮ ‘ਚ ਉਪ ਰਾਸ਼ਟਰਪਤੀ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਲੰਡਨ ‘ਚ ਹੋਣ ਵਾਲੇ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਕਿੰਗ ਚਾਰਲਸ ਤੀਜੇ ਨਾਲ ਵੀ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਜਾਣਕਾਰੀ ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ ਹੈ।

ਧਾਰਮਿਕ ਰਸਮ ‘ਚ ਚਾਰਲਸ ਤੇ ਉਸ ਦੀ ਪਤਨੀ ਕੈਮਿਲਾ ਦੁਆਰਾ ਅਹੁਦੇ ਦੀ ਨਾਲ-ਨਾਲ ਸਹੁੰ ਚੁੱਕਣ ਲਈ ਪ੍ਰਮਾਤਮਾ ਨੂੰ ਗਵਾਹ ਮੰਨਦਿਆਂ ਇਕ ਪ੍ਰਤੀਕਾਤਮਕ ਪੁਨਰ-ਵਿਆਹ ਕਰਨਾ ਵੀ ਸ਼ਾਮਲ ਹੈ। ਚਾਰਲਸ ਦੀ ਤਾਜਪੋਸ਼ੀ ਦੌਰਾਨ ਵਰਤਿਆ ਗਿਆ ਤਖਤ ਮਈ 1937 ਵਿੱਚ ਰਾਜਾ ਜਾਰਜ VI ਅਤੇ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਲਈ ਦੁਬਾਰਾ ਬਣਾਇਆ ਗਿਆ ਸੀ। ਸ਼ਨੀਵਾਰ ਦੀ ਤਰ੍ਹਾਂ ਉਸ ਦਿਨ ਵੀ ਇੱਥੇ ਬਾਰਿਸ਼ ਹੋਈ ਸੀ। ਵੈਸਟਮਿੰਸਟਰ ਐਬੇ 1066 ‘ਚ ਵਿਲੀਅਮ ਪਹਿਲੇ ਦੇ ਸਮੇਂ ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਗਵਾਹ ਰਿਹਾ ਹੈ।

ਚਾਰਲਸ III (74) ਅਤੇ ਉਨ੍ਹਾਂ ਦੀ ਪਤਨੀ ਕੈਮਿਲਾ (75) ਨੇ ਵੀ ਇਸੇ ਪ੍ਰੰਪਰਾ ਦਾ ਪਾਲਣ ਕੀਤਾ ਹੈ। ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਚਾਰਲਸ ਦੀ ਤਾਜਪੋਸ਼ੀ ਤੋਂ ਪਹਿਲਾਂ ਐਬੇ ਵਿੱਚ ਮਾਰਚ ਕੀਤਾ ਤੇ ਸਮਾਰੋਹ ਦੌਰਾਨ ਬ੍ਰਿਟਿਸ਼ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਦੇ ਭਾਰਤੀ ਮੂਲ ਦੇ ਮੈਂਬਰਾਂ ਨੇ ਚਾਰਲਸ ਨੂੰ ਰਵਾਇਤੀ ਪੋਸ਼ਾਕ ਸੌਂਪੀ। ਚਾਰਲਸ ਅਤੇ ਕੈਮਿਲਾ ਇਕ ਸ਼ਾਹੀ ਗੱਡੀ ਵਿੱਚ ਵੈਸਟਮਿੰਸਟਰ ਪੈਲੇਸ ਤੋਂ ਐਬੇ ਪਹੁੰਚੇ। ਉਨ੍ਹਾਂ ਦੇ ਨਾਲ ਫ਼ੌਜੀ ਜਵਾਨ ਵੀ ਸਨ। ਕੇਂਦਰੀ ਲੰਡਨ ਦੀਆਂ ਸੜਕਾਂ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ਼ੁਭਚਿੰਤਕ ਝੰਡੇ ਲਹਿਰਾ ਰਹੇ ਸਨ।

Add a Comment

Your email address will not be published. Required fields are marked *