ਟ੍ਰੈਫਿਕ ਪੁਲਸ ਨੇ ਫੜਿਆ ਨਕਲੀ ਪੱਤਰਕਾਰ, 800 ਰੁਪਏ ‘ਚ ਬਣਵਾਇਆ ਸੀ ਪ੍ਰੈੱਸ ਦਾ ਆਈ-ਕਾਰਡ

ਅੰਮ੍ਰਿਤਸਰ : ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਪੱਤਰਕਾਰ ਦੀ ਕਲਮ ਤੋਂ ਲਿਖਿਆ ਹਰ ਸ਼ਬਦ ਸੱਚਾਈ ਦੀ ਅਵਾਜ਼ ਹੁੰਦੀ ਹੈ, ਜਿਸ ਨੂੰ ਅੱਜ ਤੱਕ ਕੋਈ ਵੀ ਦਬਾਅ ਨਹੀਂ ਸਕਿਆ। ਸਾਡੇ ਦੇਸ਼ ‘ਚ ਕੁਝ ਅਜਿਹੇ ਵੀ ਪੱਤਰਕਾਰ ਹਨ, ਜਿਨ੍ਹਾਂ ਨੇ ਸੱਚਾਈ ਖ਼ਾਤਰ ਆਪਣੀ ਜਾਨ ਤੱਕ ਦੀ ਪ੍ਰਵਾਹ ਨਹੀਂ ਕੀਤੀ ਤੇ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸੱਚ ਲਿਖਣ ਤੋਂ ਇਲਾਵਾ ਕੁਝ ਨਹੀਂ ਕੀਤਾ। ਕੁਝ ਸਾਲ ਪਹਿਲਾਂ ਦੀ ਪੱਤਰਕਾਰੀ ਅਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੀ ਪੱਤਰਕਾਰੀ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਹਰ ਕੋਈ ਆਪਣੇ-ਆਪ ਨੂੰ ਪੱਤਰਕਾਰ ਸਮਝਦਾ ਹੈ।

ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਦੇਖਣ ਨੂੰ ਮਿਲਿਆ, ਜਿੱਥੇ ਟ੍ਰੈਫਿਕ ਪੁਲਸ ਵੱਲੋਂ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਟ੍ਰੈਫਿਕ ਪੁਲਸ ਵੱਲੋਂ ਸ਼ੱਕੀ ਵਾਹਨ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਜਾ ਰਹੀ ਸੀ। ਹਰ ਵਿਅਕਤੀ ਤੋਂ ਗੱਡੀ ਦੇ ਕਾਗਜ਼ ਅਤੇ ਡਰਾਈਵਿੰਗ ਲਾਇਸੈਂਸ ਚੈੱਕ ਕੀਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਨੇ ਇਕ ਨੌਜਵਾਨ ਨੂੰ ਰੋਕ ਕੇ ਉਸ ਕੋਲੋਂ ਮੋਟਰਸਾਈਕਲ ਦੇ ਕਾਗਜ਼ ਮੰਗੇ ਤਾਂ ਉਹ ਆਪਣੇ-ਆਪ ਨੂੰ ਪੱਤਰਕਾਰ ਦੱਸ ਕੇ ਪੁਲਸ ਅਧਿਕਾਰੀ ਨੂੰ ਧਮਕੀ ਦੇਣ ਲੱਗਾ। ਪੁਲਸ ਵੱਲੋਂ ਉਸ ਦਾ ਆਈ-ਕਾਰਡ ਮੰਗੇ ਜਾਣ ‘ਤੇ ਉਸ ਨੇ ਤੁਰੰਤ ਆਪਣਾ ਆਈ-ਕਾਰਡ ਪੁਲਸ ਨੂੰ ਦਿਖਾਇਆ।

ਪੁਲਸ ਨੂੰ ਜਦੋਂ ਨੌਜਵਾਨ ‘ਤੇ ਸ਼ੱਕ ਹੋਇਆ ਤਾਂ ਆਈ-ਕਾਰਡ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਪ੍ਰੈੱਸ ਦਾ ਆਈ-ਕਾਰਡ ਨਕਲੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਜੇਸ਼ ਗਿੱਲ ਨੂੰ ਪੁਲਸ ਵੱਲੋਂ ਮੌਕੇ ‘ਤੇ ਬੁਲਾਇਆ ਗਿਆ ਅਤੇ ਸਾਰੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਲਾਕਡਾਊਨ ਦੌਰਾਨ ਪੁਲਸ ਤੋਂ ਬਚਣ ਲਈ ਇਸ ਨੌਜਵਾਨ ਵੱਲੋਂ 800 ਰੁਪਏ ‘ਚ ਪ੍ਰੈੱਸ ਦਾ ਨਕਲੀ ਕਾਰਡ ਬਣਾਇਆ ਗਿਆ ਸੀ ਅਤੇ ਹਰ ਵਾਰ ਪੁਲਸ ਤੋਂ ਬਚਣ ਲਈ ਉਹ ਇਸ ਕਾਰਡ ਦੀ ਦੁਰਵਰਤੋਂ ਕਰਦਾ ਸੀ।

ਇਸ ਦੌਰਾਨ ਜਦੋਂ ਹੋਰ ਵੀ ਵਾਹਨਾਂ ‘ਤੇ ਪ੍ਰੈੱਸ ਲਿਖੇ ਵਾਹਨ ਚਾਲਕਾਂ ਨੂੰ ਰੋਕਿਆ ਗਿਆ ਤਾਂ ਕੁਝ ਹੋਰ ਵੀ ਅਜਿਹੇ ਨੌਜਵਾਨ ਮਿਲੇ, ਜਿਨ੍ਹਾਂ ਵੱਲੋਂ ਜਾਅਲੀ ਆਈ-ਕਾਰਡ ਬਣਾ ਕੇ ਮੋਟਰਸਾਈਕਲਾਂ ‘ਤੇ ਪ੍ਰੈੱਸ ਲਿਖਵਾਇਆ ਹੋਇਆ ਸੀ। ਇਸ ਤੋਂ ਬਾਅਦ ਪ੍ਰਧਾਨ ਰਾਜੇਸ਼ ਗਿੱਲ ਨੇ ਮੌਕੇ ‘ਤੇ ਹੀ ਇਨ੍ਹਾਂ ਨਕਲੀ ਪੱਤਰਕਾਰਾਂ ਖ਼ਿਲਾਫ਼ ਕਾਰਵਾਈ ਕਰਵਾਈ ਅਤੇ ਉਨ੍ਹਾਂ ‘ਤੇ ਮਾਮਲਾ ਦਰਜ ਕਰਵਾਇਆ।

Add a Comment

Your email address will not be published. Required fields are marked *